ਫ਼ਿਰੋਜ਼ਪੁਰ, 16 ਜੂਨ (ਸੁਖਵਿੰਦਰ ਸਿੰਘ)-ਕਾਂਗਰਸ ਦੀ ਸਰਕਾਰ ਨਾ ਹੋਣ ਦੇ ਬਾਵਜੂਦ ਵੀ ਲੋਕਾਂ ਦੀ ਭਲਾਈ ਦੇ ਲਈ ਕਾਂਗਰਸ ਨੇਤਾਵਾਂ ਵਲੋਂ ਨਿਰੰਤਰ ਕੰਮ ਕੀਤੇ ਜਾ ਰਹੇ ਹਨ | ਜਿਸ ਦੇ ਚਲਦਿਆਂ ਫ਼ਿਰੋਜ਼ਪੁਰ ਸ਼ਹਿਰ ਮੱਲਾਂਵਾਲਾ ਰੋਡ 'ਤੇ ਸਥਿਤ ਬੇਦੀ ਕਾਲੋਨੀ ਫੇਸ-2 'ਚ ਸਟਰੀਟ ਲਾਈਟਾਂ ਲਗਾਈਆਂ ਗਈਆਂ | ਲਾਈਟਾਂ ਲੱਗਣ ਦੇ ਨਾਲ ਇਲਾਕਾ ਨਿਵਾਸੀਆਂ ਨੂੰ ਰਾਤ ਸਮੇਂ ਆਉਣ ਜਾਣ ਵਿਚ ਆ ਰਹੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ ਅਤੇ ਸੁਰੱਖਿਆ ਵੀ ਹੋਰ ਮਜ਼ਬੂਤ ਹੋਵੇਗੀ | ਵਾਰਡ ਨੰਬਰ 14 ਦੇ ਕਾਂਗਰਸ ਦੇ ਐਮ.ਸੀ ਕਸ਼ਮੀਰ ਸਿੰਘ ਭੁੱਲਰ ਨੇ ਦੱਸਿਆ ਹੈ ਕਿ ਸਰਕਾਰੀ ਸਹਿਯੋਗ ਘੱਟ ਹੋਣ ਦੇ ਬਾਵਜੂਦ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਉਨ੍ਹਾਂ ਨੇ ਆਪਣੇ ਯਤਨਾਂ ਨਾਲ ਇਹ ਕੰਮ ਪੂਰਾ ਕਰਵਾਇਆ ਤਾਂ ਜੋ ਲੋਕਾਂ ਨੂੰ ਚੋਰੀਆਂ, ਡਕੈਤੀਆਂ, ਲੁੱਟਾ ਖੋਹਾਂ ਤੋਂ ਛੁਟਕਾਰਾ ਮਿਲ ਸਕੇ | ਇਲਾਕਾ ਨਿਵਾਸੀਆਂ ਨੇ ਉਨ੍ਹਾਂ ਵਲੋਂ ਕੀਤੇ ਕੰਮਾਂ ਦਾ ਧੰਨਵਾਦ ਕੀਤਾ ਤੇ ਕਿਹਾ ਲੋਕ ਭਲਾਈ ਦਾ ਕੰਮ ਕਰਨਾ ਬਹੁਤ ਹੀ ਸ਼ਲਾਘਾ ਯੋਗ ਹੈ | ਇਸ ਮੌਕੇ ਬਲਕਾਰ ਸਿੰਘ, ਗਾਮਾ ਸਿੰਘ, ਏਕਮਪ੍ਰੀਤ ਸਿੰਘ, ਬਲਰਾਜ ਸਿੰਘ, ਅਨੁਮੀਤ ਸਿੰਘ, ਹਰਜੀਤ ਸਿੰਘ ਆਦਿ ਹਾਜ਼ਰ ਸਨ |