ਮੱਖੂ, 17 ਜੂਨ (ਵਰਿੰਦਰ ਮਨਚੰਦਾ)-ਸ਼ੋ੍ਰਮਣੀ ਅਕਾਲੀ ਦਲ ਦੀ ਮੁੜ ਸੁਰਜੀਤੀ ਲਈ ਮੈਂਬਰਸ਼ਿਪ ਭਰਤੀ ਲਈ ਸ਼ੋ੍ਰਮਣੀ ਅਕਾਲੀ ਦਲ ਦੇ ਸਾਬਕਾ ਜਰਨਲ ਸਕੱਤਰ ਤੇ ਬੁਲਾਰੇ ਸੀਨੀਅਰ ਅਕਾਲੀ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਨੇ ਪੰਜ ਮੈਂਬਰੀ ਭਰਤੀ ਕਮੇਟੀ ਦੀ ਅਗਵਾਈ ਹੇਠ ਸ਼ੋ੍ਰਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਸਰਗਰਮ ਭੂਮਿਕਾ ਨਿਭਾਉਣ ਦਾ ਫ਼ੈਸਲਾ ਕੀਤਾ ਹੋਇਆ ਹੈ ਤੇ ਹਲਕਾ ਜ਼ੀਰਾ ਦੇ ਹਰੇਕ ਪਿੰਡ, ਸ਼ਹਿਰ ਤੇ ਕਸਬੇ ਅੰਦਰ ਭਰਤੀ ਮੈਂਬਰਸ਼ਿਪ ਕਰਵਾਉਣ ਲਈ ਲਗਾਤਾਰ ਲੋਕਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ | ਸ਼ੋ੍ਰਮਣੀ ਅਕਾਲੀ ਦਲ ਦੀ ਭਰਤੀ ਕਮੇਟੀ ਦੇ ਮੈਂਬਰਾਂ ਮਨਪ੍ਰੀਤ ਸਿੰਘ ਇਆਲੀ, ਇਕਬਾਲ ਸਿੰਘ ਝੂੰਦਾਂ, ਬੀਬੀ ਸਤਵੰਤ ਕੌਰ, ਗੁਰਪ੍ਰਤਾਪ ਸਿੰਘ ਵਡਾਲਾ, ਜਥੇਦਾਰ ਸੰਤਾ ਸਿੰਘ ਉਮੇਦਪੁਰੀ ਦੀ ਦੇਖਰੇਖ ਹੇਠ ਭਰਤੀ ਮੁਹਿੰਮ ਸਿਖ਼ਰਾਂ 'ਤੇ ਚੱਲ ਰਹੀ ਹੈ | ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਉਹ ਖ਼ੁਦ ਆਪਣੇ ਸਾਥੀਆਂ ਗੁਰਮੁੱਖ ਸਿੰਘ ਸੰਧੂ, ਡਾ: ਕਾਰਜ ਸਿੰਘ ਧਰਮ ਸਿੰਘ ਵਾਲਾ, ਹਰਭਿੰਦਰ ਸਿੰਘ ਸੰਧੂ, ਸੁਖਵਿੰਦਰ ਸਿੰਘ ਪੀਰ ਮੁਹੰਮਦ ਸਮੇਤ ਹਲਕੇ ਦੇ ਅਨੇਕਾਂ ਪਿੰਡਾਂ ਵਿਚ ਭਰਤੀ ਕਰ ਚੁੱਕੇ ਹਨ ਤੇ ਹੁਣ ਭਰੀਆਂ ਹੋਈਆਂ ਕਾਪੀਆਂ ਮੁੱਖ ਦਫ਼ਤਰ ਵਿਚ ਪਹੁੰਚਦੀਆਂ ਕੀਤੀਆਂ ਜਾਣਗੀਆਂ |