ਮੱਲਾਂਵਾਲਾ, 17 ਜੂਨ (ਬਲਬੀਰ ਸਿੰਘ ਜੋਸਨ)-ਪਿੰਡ ਕਾਮਲਵਾਲਾ ਦੇ ਅਬਾਦਕਾਰ ਕਿਸਾਨਾਂ ਦੀਆਂ ਜਮੀਨਾਂ ਤੇ ਜਬਰੀ ਪ੍ਰਸ਼ਾਸਨ ਵਲੋਂ ਕਬਜ਼ਾ ਕਰਨ ਵਾਲੇ ਮਸਲੇ ਨੂੰ ਲੈ ਕੇ ਮਾਤਾ ਸੁਰਜੀਤ ਕੌਰ ਨੂੰ ਸਦਮਾ ਲੱਗਣ ਕਰਕੇ ਮੌਤ ਹੋ ਗਈ ਸੀ ਅਤੇ ਪਰਿਵਾਰ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਮਾਤਾ ਦਾ ਸਸਕਾਰ ਇਨਸਾਫ਼ ਮਿਲਣ ਤੱਕ ਨਾ ਕਰਨ ਦਾ ਫ਼ੈਸਲਾ ਕੀਤਾ ਸੀ | ਇਸ ਮਾਮਲੇ ਨੂੰ ਲੈ ਕੇ ਪਰਿਵਾਰ, ਕਿਸਾਨ ਜਥੇਬੰਦੀ ਅਤੇ ਪ੍ਰਸ਼ਾਸਨ ਵਿਚ ਸਹਿਮਤੀ ਬਣ ਗਈ ਹੈ | ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ, ਜ਼ਿਲ੍ਹਾ ਸਕੱਤਰ ਗੁਰਮੇਲ ਸਿੰਘ ਫੱਤੇਵਾਲਾ, ਜ਼ੋਨ ਪ੍ਰਧਾਨ ਰਛਪਾਲ ਸਿੰਘ ਗੱਟਾ ਬਾਦਸ਼ਾਹ ਨੇ ਦੱਸਿਆ ਕਿ ਜਥੇਬੰਦੀ ਨਾਲ ਕੱਲ੍ਹ ਤੋਂ ਹੀ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਮੀਟਿੰਗਾਂ ਦਾ ਦੌਰ ਚਲਾ ਰਿਹਾ ਸੀ | ਅੱਜ ਵੀ ਡੀ.ਐੱਸ.ਪੀ.ਡੀ ਸੁਖਜਿੰਦਰ ਸਿੰਘ ਸਰਾਂ ਫ਼ਿਰੋਜ਼ਪੁਰ, ਡੀ.ਐੱਸ.ਪੀ ਜ਼ੀਰਾ ਗੁਰਦੀਪ ਸਿੰਘ,ਤਹਿਸੀਲਦਾਰ ਜ਼ੀਰਾ,ਤਹਿਸੀਲਦਾਰ ਮੱਲਾਂਵਾਲਾ ਹਲਕਾ ਪਟਵਾਰੀ,ਬੀ ਡੀ ਪੀ ਓ ਮੱਖੂ ਆਦਿ ਨਾਲ ਲੰਮਾ ਸਮਾਂ ਪਿੰਡ ਕਾਮਲਵਾਲਾ ਵਿਖੇ ਮੀਟਿੰਗ ਚੱਲਣ ਤੋਂ ਬਾਅਦ ਪ੍ਰਸ਼ਾਸਨ ਨੇ ਜਥੇਬੰਦੀ ਨਾਲ ਸਹਿਮਤੀ ਬਣਾਈ,ਕਿ ਆਬਾਦਕਾਰ ਕਿਸਾਨਾਂ ਦੀਆਂ ਜ਼ਮੀਨਾਂ ਤੇ ਨਹੀਂ ਹੋਵੇਗਾ ਜਬਰੀ ਕਬਜ਼ਾ ਤੇ ਕਿਸਾਨਾਂ ਤੇ ਕੀਤਾ ਝੂਠਾ ਪਰਚਾ 15 ਦਿਨਾਂ ਅੰਦਰ ਰੱਦ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਕਿਸੇ ਨੂੰ ਵੀ ਅੱਗੇ ਤੋਂ ਬਿਨਾ ਕਿਸੇ ਆਰਡਰ ਜ਼ਮੀਨ ਦੀਆਂ ਪਰਚੀਆਂ ਕੱਟਣ ਦੀ ਆਵਾਜ਼ ਦੇਣ ਤੇ ਜਾ ਪਿੰਡ ਵਿੱਚ ਕਿਸੇ ਵਿਅਕਤੀ ਵਲੋਂ ਦਹਿਸ਼ਤ ਫੈਲਾਉਣ ਤੇ ਮਾਮਲਾ ਦਰਜ ਕੀਤਾ ਜਾਵੇਗਾ | ਇਹਨਾਂ ਗੱਲਾਂ ਤੇ ਤਹਿਸੀਲਦਾਰ ਜ਼ੀਰਾ ਅਤੇ ਡੀ.ਐੱਸ.ਪੀ ਜ਼ੀਰਾ ਵਲੋਂ ਵਿਸ਼ਵਾਸ ਦਿਵਾਉਣ ਮਗਰੋਂ ਮਾਤਾ ਦੀ ਦੇਹ ਦਾ ਪਰਿਵਾਰ ਵਲੋਂ ਸੰਸਕਾਰ ਕੀਤਾ ਗਿਆ | ਇਸ ਮੌਕੇ ਗੁਰਮੁੱਖ ਸਿੰਘ ਕਾਮਲ ਵਾਲਾ, ਸਾਹਬ ਸਿੰਘ ਦੀਨੇ ਕੇ, ਸੁਰਜੀਤ ਸਿੰਘ ਫ਼ੌਜੀ, ਅਮਨਦੀਪ ਸਿੰਘ ਕੱਚਰਭੰਨ, ਸੁਖਦੇਵ ਸਿੰਘ, ਮੱਸਾ ਸਿੰਘ ਆਸਫ ਵਾਲਾ, ਹਰਫੂਲ ਸਿੰਘ ਦੂਲੇਵਾਲਾ ਆਦਿ ਆਗੂ ਤੇ ਕਿਸਾਨ ਮਜ਼ਦੂਰ ਬੀਬੀਆਂ ਵੱਡੀ ਗਿਣਤੀ ਵਿਚ ਹਾਜ਼ਰ ਸਨ |