27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਨੌਜਵਾਨਾਂ ਨੂੰ ਖੇਡਾਂ ਵੱਲ ਆਕਰਸ਼ਿਤ ਕਰ ਖੇਡ ਮੈਦਾਨਾਂ ਨਾਲ ਜੋੜਨ ਦੇ ਦਾਅਵੇ ਖੋਖਲੇ <br/>

ਅਜੀਤ ਡੈਸਕ 19-06-2025
ਫ਼ਿਰੋਜ਼ਪੁਰ, 18 ਜੂਨ (ਗੁਰਿੰਦਰ ਸਿੰਘ)-ਨਸ਼ਿਆਂ ਵਿਚ ਗਲਤਾਨ ਹੁੰਦੀ ਜਾ ਰਹੀ ਪੰਜਾਬ ਦੀ ਨੌਜਵਾਨੀ ਨੂੰ ਖੇਡਾਂ ਵੱਲ ਆਕਰਸ਼ਿਤ ਕਰ ਖੇਡ ਮੈਦਾਨਾਂ ਨਾਲ ਜੋੜਨ ਦੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਨਵੇਂ ਪੁੰਗਰਦੇ ਖਿਡਾਰੀ ਹਰ ਸਾਲ ਗਰਮੀਆਂ ਦੀਆਂ ਛੁੱਟੀਆਂ ਵਿਚ ਲੱਗਣ ਵਾਲੇ ਸਮਰ ਕੋਚਿੰਗ ਕੈਂਪਾਂ ਨੂੰ ਤਰਸ ਗਏ ਹਨ | ਇਕ ਪਾਸੇ ਸਰਕਾਰ ਰਾਜ, ਕੌਮੀ ਤੇ ਕੌਮਾਂਤਰੀ ਪੱਧਰ 'ਤੇ ਤਗਮਾ ਜੇਤੂ ਖਿਡਾਰੀਆਂ ਨੂੰ ਨਗਦ ਇਨਾਮਾਂ ਨਾਲ ਸਨਮਾਨਿਤ ਕਰਨ ਦੇ ਦਿਖਾਵੇ ਕਰ ਰਹੀ ਹੈ ਜਦ ਕਿ ਇਸ ਮੁਕਾਮ ਤੱਕ ਪਹੁੰਚਾਉਣ ਲਈ ਸਰਕਾਰ ਬੱਚਿਆਂ ਦੀ ਤਿਆਰੀ ਲਈ ਜ਼ਿਲਿ੍ਹਆਂ ਵਿਚ ਸਥਿਤ ਖੇਡ ਨਰਸਰੀਆਂ ਵਿਚ ਨਾ ਤਾਂ ਆਧੁਨਿਕ ਖੇਡ ਢਾਂਚਾ ਮੁਹੱਈਆ ਕਰਵਾ ਸਕੀ ਹੈ ਅਤੇ ਨਾ ਹੀ ਕੋਚ ਨਿਯੁਕਤ ਕਰ ਸਕੀ ਹੈ | ਰਹਿੰਦੀ ਕਸਰ ਨਵੀਂ ਪਨੀਰੀ ਨੂੰ ਖੇਡ ਮੈਦਾਨਾਂ ਵੱਲ ਆਕਰਸ਼ਿਤ ਕਰਨ ਲਈ ਖੇਡ ਵਿਭਾਗ ਵਲੋਂ ਪਿਛਲੇ ਦੋ ਸਾਲਾਂ ਤੋਂ ਗਰਮੀਆਂ ਦੀਆਂ ਛੁੱਟੀਆਂ ਵਿਚ ਲੱਗਣ ਵਾਲੇ ਸਮਰ ਕੋਚਿੰਗ ਕੈਂਪ ਵੀ ਨਹੀਂ ਲਗਾਏ ਗਏ | ਜ਼ਿਕਰਯੋਗ ਹੈ ਕਿ ਨੰਨ੍ਹੇ ਮੁੰਨੇ ਬੱਚਿਆਂ ਨੂੰ ਖੇਡਾਂ ਵੱਲ ਆਕਰਸ਼ਿਤ ਕਰਨ ਅਤੇ ਉਨ੍ਹਾਂ ਨੂੰ ਪਹਿਲੇ ਪੜਾਅ 'ਤੇ ਹੀ ਯੋਗ ਅਗਵਾਈ ਦੇਣ ਦੇ ਮਨੋਰਥ ਨਾਲ ਖੇਡ ਵਿਭਾਗ ਪੰਜਾਬ ਵਲੋਂ ਸਕੂਲਾਂ ਵਿਚ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ ਹੁੰਦਿਆਂ ਹੀ ਸਮਰ ਕੋਚਿੰਗ ਕੈਂਪ ਲਗਾਏ ਜਾਂਦੇ ਸਨ ਜਿਨ੍ਹਾਂ ਵਿਚ ਬੱਚੇ ਆਪਣੀ ਰੁਚੀ ਅਨੁਸਾਰ ਖੇਡ ਦੀ ਚੋਣ ਕਰਕੇ ਖੇਡ ਪ੍ਰਤੀ ਮੁੱਢਲੀ ਕੋਚਿੰਗ ਲੈਂਦੇ ਸਨ | ਖੇਡ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੱਚਿਆਂ ਨੂੰ ਖੇਡਾਂ ਨਾਲ ਜੋੜੀ ਰੱਖਣ ਲਈ ਖੇਡ ਵਿਭਾਗ ਵਲੋਂ ਰੋਜ਼ਾਨਾ 50 ਰੁਪਏ ਪ੍ਰਤੀ ਖਿਡਾਰੀ ਦੇ ਹਿਸਾਬ ਨਾਲ ਖ਼ੁਰਾਕ (ਡਾਈਟ) ਦਿੱਤੀ ਜਾਂਦੀ ਸੀ ਜੋ ਨਵੇਂ ਬੱਚੇ ਨੂੰ ਸਰੀਰਕ ਤੰਦਰੁਸਤੀ ਪ੍ਰਦਾਨ ਕਰਨ ਦੇ ਨਾਲ ਨਾਲ ਬੱਚਿਆਂ ਨੂੰ ਖੇਡਾਂ ਨਾਲ ਜੋੜੀ ਰੱਖਣ ਵਿਚ ਸਹਾਈ ਹੁੰਦੀ ਸੀ | ਇਸ ਸਾਲ ਵੀ ਅੱਧੀਆਂ ਤੋਂ ਵੱਧ ਛੁੱਟੀਆਂ ਲੰਘ ਚੁੱਕੀਆਂ ਹਨ ਪਰ ਅਜੇ ਤੱਕ ਖੇਡ ਵਿਭਾਗ ਦੀ ਸਮਰ ਕੋਚਿੰਗ ਕੈਂਪਾਂ ਪ੍ਰਤੀ ਕੋਈ ਸਰਗਰਮੀ ਨਜ਼ਰ ਨਹੀਂ ਆਉਂਦੀ ਜਿਸ ਨਾਲ ਖਿਡਾਰੀਆਂ ਵਿਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ | ਦੱਸ ਦੇਈਏ ਕਿ ਸੂਬੇ ਭਰ ਵਿਚ ਲੱਗਦੇ ਇਹਨਾਂ ਕੈਂਪਾਂ ਵਿਚੋਂ ਹਜ਼ਾਰਾਂ ਨਵੇਂ ਬੱਚੇ ਵੱਖ ਵੱਖ ਖੇਡ ਮਾਹਿਰਾਂ ਦੀ ਨਜ਼ਰੇ ਚੜ੍ਹਦੇ ਰਹੇ ਜੋ ਬਾਅਦ ਵਿਚ ਤਜਰਬੇਕਾਰ ਕੋਚਾਂ ਵਲੋਂ ਤਰਾਸ਼ੇ ਜਾਣ ਨਾਲ ਚੋਟੀ ਦੇ ਖਿਡਾਰੀ ਬਣਕੇ ਪੰਜਾਬ ਦਾ ਨਾਂ ਦੁਨੀਆ ਦੇ ਨਕਸ਼ੇ 'ਤੇ ਉਭਾਰਦੇ ਆਏ ਹਨ ਪਰ ਲੱਗਦਾ ਹੈ ਕਿ ਆਪਣੇ ਤਿੰਨ ਸਾਲ ਦੇ ਕਾਰਜਕਾਲ ਦੌਰਾਨ ਦੋ ਸਾਲਾਂ ਤੋਂ ਕੋਚਿੰਗ ਕੈਂਪਾਂ ਵਲੋਂ ਪਾਸਾ ਵਟਣ ਵਾਲੀ ਮੌਜੂਦਾ ਸਰਕਾਰ ਦਾ ਖੇਡਾਂ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਕਰਨ ਵੱਲ ਉੱਕਾ ਹੀ ਧਿਆਨ ਨਹੀਂ ਹੈ |
ਕੀ ਕਹਿਣਾ ਹੈ ਖੇਡ ਵਿਭਾਗ ਦੇ ਅਧਿਕਾਰੀਆਂ ਦਾ
ਇਸ ਸਬੰਧੀ ਡਿਪਟੀ ਡਾਇਰੈਕਟਰ ਖੇਡਾਂ ਰਣਬੀਰ ਸਿੰਘ ਭੰਗੂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸਕੀਮ ਵਿਚ ਤਬਦੀਲੀ ਕੀਤੀ ਗਈ ਹੈ ਜਿਸ ਸਬੰਧੀ ਜ਼ਿਲ੍ਹਾ ਖੇਡ ਅਫ਼ਸਰ ਜਾਣਕਾਰੀ ਦੇ ਸਕਦੇ ਹਨ | ਜ਼ਿਲ੍ਹਾ ਖੇਡ ਅਫ਼ਸਰ ਰੁਪਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਵਲੋਂ ਡੇਲੀ ਸਕਾਲਰਸ਼ਿਪ ਸਕੀਮ ਚਲਾਈ ਜਾ ਰਹੀ ਹੈ, ਜਿਸ ਤਹਿਤ ਚੁਣੇ ਹੋਏ ਖਿਡਾਰੀਆਂ ਨੂੰ ਡਾਈਟ ਦੇਣ ਸਬੰਧੀ ਸਮੁੱਚੇ ਪੰਜਾਬ ਵਿਚ ਟੈਂਡਰ ਲਗਾਏ ਗਏ ਹਨ ਅਤੇ ਜਲਦ ਹੀ ਖਿਡਾਰੀਆਂ ਨੂੰ 125 ਰੁਪਏ ਪ੍ਰਤੀ ਖਿਡਾਰੀ ਪ੍ਰਤੀ ਦਿਨ ਦੇ ਹਿਸਾਬ ਨਾਲ ਡਾਈਟ ਮੁਹੱਈਆ ਕਰਵਾਈ ਜਾਵੇਗੀ | ਜਦੋਂ ਉਨ੍ਹਾਂ ਨੂੰ ਨਵੇਂ ਪੁੰਗਰਦੇ ਖਿਡਾਰੀਆਂ ਨੂੰ ਇਸ ਸਕੀਮ ਵਿਚ ਸ਼ਾਮਿਲ ਕਰਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਚੋਣਵੇਂ ਖਿਡਾਰੀਆਂ ਦੇ ਨਾਲ ਸ਼ੁਰੂਆਤੀ ਖਿਡਾਰੀਆਂ ਨੂੰ ਵੀ ਇਸ ਸਕੀਮ ਅਧੀਨ ਸ਼ਾਮਲ ਕੀਤਾ ਜਾ ਸਕਦਾ ਹੈ ਬਸ਼ਰਤੇ ਕਿ ਉਹ ਖਿਡਾਰੀ ਖੇਡ ਵਿਚ ਕਿਸੇ ਹੱਦ ਤੱਕ ਪਰਪੱਕ ਹੋਵੇ |

ਪਿਛਲੀ ਖ਼ਬਰ ਆਸ਼ੂ ਮੌਂਗਾ ਕਤਲ ਮਾਮਲੇ 'ਚ ਲੋੜੀਂਦੇ 2 ਦੋਸ਼ੀ ਹਥਿਆਰਾਂ ਤੇ ਚਿੱਟੇ ਸਮੇਤ ਕਾਬੂ <br/> ਅਗਲੀ ਖ਼ਬਰ ਸੜਕ ਹਾਦਸੇ 'ਚ ਇਕ ਵਿਅਕਤੀ ਗੰਭੀਰ ਜ਼ਖ਼ਮੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।