ਫ਼ਾਜ਼ਿਲਕਾ, 18 ਜੂਨ (ਦਵਿੰਦਰ ਪਾਲ ਸਿੰਘ)-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਭਾਸ਼ ਚੰਦਰ ਦੀ ਪ੍ਰਧਾਨਗੀ ਹੇਠ ਡੀ.ਸੀ.ਸੀ/ਡੀ.ਐਲ.ਆਰ.ਸੀ ਦੀ ਤਿਮਾਹੀ ਮੀਟਿੰਗ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਚ ਆਯੋਜਿਤ ਕੀਤੀ ਗਈ | ਇਸ ਦੌਰਾਨ ਜ਼ਿਲ੍ਹੇ ਵਿਚ ਬੈਂਕਿੰਗ ਅਤੇ ਵਿੱਤੀ ਲੇਨ ਦੇਣ ਦੀ ਸਥਿਤੀ ਦੀ ਸਮੀਖਿਆ ਕੀਤੀ ਗਈ | ਬੈਠਕ ਦੌਰਾਨ ਚੰਦਰ ਨੇ ਬੈਂਕਾਂ ਨੂੰ ਨਿਰਦੇਸ਼ ਦਿੱਤੇ ਕਿ ਸਰਕਾਰ ਦੀਆਂ ਬੈਂਕਿੰਗ ਯੋਜਨਾਵਾਂ ਦਾ ਲਾਹਾ ਲਾਭਪਾਤਰੀਆਂ ਨੂੰ ਬਿਨਾਂ ਕਿਸੇ ਖੱਜਲਖੁਆਰੀ ਤੇ ਭੇਦਭਾਵ ਦੇ ਦਿੱਤਾ ਜਾਵੇ | ਉਨ੍ਹਾਂ ਨੇ ਇਹ ਵੀ ਕਿਹਾ ਕਿ ਬੈਂਕ ਵੱਖ-ਵੱਖ ਵਿਭਾਗਾਂ ਨਾਲ ਮਿਲ ਕੇ ਕੈਂਪ ਲਗਾਉਣ ਅਤੇ ਪਿੰਡਾਂ ਵਿਚ ਵਿੱਤੀ ਯੋਜਨਾਵਾਂ ਬਾਰੇ ਜਾਗਰੂਕਤਾ ਫੈਲਾਈ ਜਾਵੇਗੀ | ਇਸ ਤੋਂ ਇਲਾਵਾ ਠੱਗੀ ਤੋਂ ਬਚਾਅ ਬਾਰੇ ਲੋਕਾਂ ਵਿਚ ਜਾਗਰੂਕਤਾ ਪੈਦਾ ਕੀਤੀ ਜਾਵੇ | ਉਨ੍ਹਾਂ ਬੈਂਕਿੰਗ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਿਭਾਗਾਂ ਦੇ ਮਾਰਫ਼ਤ ਲੋਨ ਕੇਸ ਦੀ ਨਿਰਧਾਰਿਤ ਸਮੇਂ ਅੰਦਰ ਪੈਰਵੀ ਕੀਤੀ ਜਾਵੇ ਅਤੇ ਕੇਸਾਂ ਦਾ ਸਮਾਂਬੱਧ ਨਿਪਟਾਰਾ ਕੀਤਾ ਜਾਵੇ | ਲੋਕਾਂ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨ ਲਈ ਵੱਧ ਤੋਂ ਵੱਧ ਲੋਨ ਮੁਹੱਈਆ ਕਰਵਾਏ ਜਾਣ | ਬੈਂਕਾਂ ਦੀ ਤਿਮਾਹੀ ਕਾਰਗੁਜ਼ਾਰੀ ਦੀ ਰਿਪੋਰਟ ਲੀਡ ਬੈਂਕ ਮੈਨੇਜਰ ਫ਼ਾਜ਼ਿਲਕਾ ਵਲ਼ੋਂ ਪੇਸ਼ ਕੀਤੀ ਗਈ | ਇਸ ਦੌਰਾਨ ਮੰਨੂ ਭਾਰਦਵਾਜ (ਐਲ.ਡੀ.ਓ.ਆਰ.ਬੀ.ਆਈ.), ਪ੍ਰਸ਼ਾਂਤ ਬਲੋਡਾ (ਡੀ.ਡੀ.ਐਮ. ਨਬਾਰਡ), ਵੱਖ-ਵੱਖ ਵਿਭਾਗਾਂ ਦੇ ਨੁਮਾਇੰਦੇ ਅਤੇ ਬੈਂਕਾਂ ਦੇ ਜ਼ਿਲ੍ਹਾ ਕੋਆਰਡੀਨੇਟਰ ਸ਼ਾਮਲ ਹੋਏ |