ਮੱਖੂ, 19 ਜੂਨ (ਵਰਿੰਦਰ ਮਨਚੰਦਾ)-ਰੇਲਵੇ ਵਿਭਾਗ ਵਲੋਂ ਮੱਖੂ-ਅੰਮਿ੍ਤਸਰ ਨੈਸ਼ਨਲ ਹਾਈਵੇ-54 'ਤੇ ਪੈਂਦੇ ਕਸਬਾ ਮੱਖੂ ਵਿਖੇ ਰੇਲਵੇ ਲੈਵਲ ਕਰਾਸਿੰਗ ਨੰਬਰ ਐੱਸ-86 (ਨੈਸ਼ਨਲ ਹਾਈਵੇ-15 ਰੋਡ) ਨੂੰ 18 ਤੋਂ 21 ਜੂਨ ਤੱਕ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਟਰੈਕ ਦੀ ਐਮਰਜੈਂਸੀ ਮੁਰੰਮਤ ਲਈ ਬੰਦ ਕੀਤਾ ਗਿਆ ਹੈ | ਇਸ ਦੌਰਾਨ ਬੀਤੇ ਦਿਨ ਤੋਂ ਵਿਭਾਗ ਵਲੋਂ ਸ਼ਾਮ 7 ਵਜੇ ਤੋਂ ਬਾਅਦ ਵੀ ਫਾਟਕ ਨਾ ਖੋਲ੍ਹੇ ਜਾਣ ਕਾਰਨ ਟਰੱਕਾਂ ਅਤੇ ਹੋਰ ਵਹੀਕਲਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ, ਜਿਸ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ | ਅੱਤ ਦੀ ਗਰਮੀ 'ਚ ਸੜਕਾਂ 'ਤੇ ਖੜੇ ਵਹੀਕਲ ਚਾਲਕ ਰੇਲਵੇ ਵਿਭਾਗ ਦੀ ਇਸ ਕਾਰਗੁਜ਼ਾਰੀ ਨੂੰ ਕੋਸਦੇ ਦਿਖਾਈ ਦਿੱਤੇ | ਲੋਕਾਂ ਦਾ ਕਹਿਣਾ ਸੀ ਕਿ ਜੇਕਰ ਸ਼ਾਮ 7 ਵਜੇ ਫਾਟਕ ਖੋਲ੍ਹਣ ਦਾ ਸਮਾਂ ਦਿੱਤਾ ਗਿਆ ਹੈ ਤਾਂ ਫਿਰ ਫਾਟਕ ਕਿਉਂ ਨਹੀਂ ਖੋਲਿ੍ਹਆ ਜਾ ਰਿਹਾ | ਓਧਰ ਇਸ ਸਬੰਧੀ ਜਦ ਸਟੇਸ਼ਨ ਮਾਸਟਰ ਨਾਲ ਗੱਲ ਕੀਤੀ ਤਾਂ ਉਹ ਕੋਈ ਸਪੱਸ਼ਟ ਜਵਾਬ ਨਹੀਂ ਦੇ ਸਕੇ | ਇੱਥੇ ਜ਼ਿਕਰਯੋਗ ਹੈ ਕਿ ਇਸ ਸੜਕ 'ਤੇ ਪੈਂਦੇ ਫਾਟਕ ਤੋਂ ਰੋਜ਼ਾਨਾ ਵੱਡੀ ਤਾਦਾਦ 'ਚ ਵਹੀਕਲਾਂ ਦਾ ਆਉਣਾ-ਜਾਣਾ ਲੱਗਿਆ ਰਹਿੰਦਾ ਹੈ | ਪੁਲਿਸ ਅਤੇ ਟਰੈਫ਼ਿਕ ਵਿਭਾਗ ਵਲੋਂ ਟਰੈਫ਼ਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੁਖ਼ਤਾ ਇੰਤਜ਼ਾਮ ਕੀਤੇ ਗਏ ਸਨ, ਪ੍ਰੰਤੂ ਟਰੈਫ਼ਿਕ ਜ਼ਿਆਦਾ ਹੋਣ ਕਾਰਨ ਫ਼ੇਲ੍ਹ ਹੁੰਦੇ ਦਿਖਾਈ ਦਿੱਤੇ |