ਫ਼ਿਰੋਜ਼ਪੁਰ, 19 ਜੂਨ (ਕੁਲਬੀਰ ਸਿੰਘ ਸੋਢੀ)-ਥਾਣਾ ਸਦਰ ਫ਼ਿਰੋਜ਼ਪੁਰ ਅਧੀਨ ਆਉਂਦੇ ਪਿੰਡ ਮਾਛੀਵਾੜਾ ਦੇ ਖੇਤਾਂ 'ਚੋਂ ਬੀ.ਐੱਸ.ਐੱਫ ਦੇ ਜਵਾਨਾਂ ਨੂੰ ਵਿਸ਼ੇਸ਼ ਚੈਕਿੰਗ ਅਭਿਆਨ ਦੌਰਾਨ ਇਕ ਡਰੋਨ ਬਰਾਮਦ ਹੋਇਆ | ਜਿਸ ਸੰਬੰਧੀ ਕਾਰਵਾਈ ਕਰਦੇ ਹੋਏ ਥਾਣਾ ਸਦਰ ਫ਼ਿਰੋਜ਼ਪੁਰ ਦੀ ਪੁਲਿਸ ਨੇ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਹੈ | ਥਾਣਾ ਸਦਰ ਫ਼ਿਰੋਜ਼ਪੁਰ ਦੇ ਸਹਾਇਕ ਥਾਣੇਦਾਰ ਸੁਖਬੀਰ ਸਿੰਘ ਨੂੰ ਬੀ.ਐੱਸ.ਐੱਫ ਦੇ ਬੀ.ੳ.ਪੀ ਜਗਦੀਸ਼ ਦੇ ਇੰਸਪੈਕਟਰ ਰਾਮ ਨਿਵਾਸ ਯਾਦਵ ਵਲੋਂ ਭੇਜਿਆ ਪੱਤਰ ਮਿਲਿਆ, ਜਿਸ ਵਿਚ ਜਾਣਕਾਰੀ ਸਾਂਝੀ ਕੀਤੀ ਗਈ ਕਿ ਜਵਾਨਾਂ ਵਲੋਂ ਅੱਜ ਵੀਰਵਾਰ ਨੂੰ ਕਰੀਬ 11 ਵਜੇ ਪਿੰਡ ਮਾਛੀਵਾੜਾ ਦੇ ਨੇੜਲੇ ਖੇਤਾਂ ਵਿਚ ਇਕ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਗਿਆ, ਜਿਸ ਦੌਰਾਨ ਬੀ.ਐੱਸ.ਐੱਫ ਦੀ ਪਾਰਟੀ ਨੂੰ ਇਕ ਮਾਕਰੋ ਡਰੋਨ 3 ਕਲਾਸਿਕ ਗਰੇਅ ਰੰਗ ਦਾ ਬਰਾਮਦ ਹੋਇਆ | ਸਹਾਇਕ ਥਾਣੇਦਾਰ ਸੁਖਬੀਰ ਸਿੰਘ ਨੇ ਕਾਰਵਾਈ ਅਮਲ ਵਿਚ ਲਿਆਉਂਦੇ ਹੋਏ ਅਣਪਛਾਤੇ ਵਿਅਕਤੀ ਵਿਰੁੱਧ ਏਅਰਕਰਾਫਟ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ |