ਅਬੋਹਰ, 20 ਜੂਨ (ਸੁਖਜੀਤ ਸਿੰਘ ਬਰਾੜ)-ਸਥਾਨਕ ਪੀ.ਐਮ ਸ਼੍ਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀ 12ਵੀਂ ਜਮਾਤ ਦੀ ਵਿਦਿਆਰਥਣ ਕੀਰਤੀ ਮਿੱਢਾ ਨੇ ਰਾਸ਼ਟਰੀ ਪੱਧਰ ਦੇ ਕਰਾਟੇ ਮੁਕਾਬਲੇ ਵਿਚ ਚਾਂਦੀ ਦਾ ਤਗਮਾ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਜਾਣਕਾਰੀ ਦਿੰਦੇ ਹੋਏ ਸਕੂਲ ਦੇ ਮੀਡੀਆ ਇੰਚਾਰਜ ਅਧਿਆਪਕ ਅਮਿੱਤ ਬਤਰਾ ਨੇ ਦੱਸਿਆ ਕਿ ਆਲ ਇੰਡੀਆ ਸਪੋਰਟਸ ਕੌਂਸਲ ਫ਼ਾਰ ਦ ਡੈਫ ਵਲ਼ੋਂ ਪਿਛਲੇ ਦਿਨੀਂ ਉੱਤਰ ਪ੍ਰਦੇਸ਼ ਦੇ ਕਾਨਪੁਰ ਵਿਚ ਖੇਡ ਮੁਕਾਬਲੇ ਕਰਵਾਏ ਗਏ | ਜਿਸ ਵਿਚ ਕਰਾਟੇ, ਕੁਸ਼ਤੀ, ਤਾਈਕਮਾਂਡੋ ਅਤੇ ਜੂਡੋ ਮੁਕਾਬਲੇ ਕਰਵਾਏ ਗਏ | ਰਾਸ਼ਟਰੀ ਪੱਧਰ 'ਤੇ ਆਯੋਜਿਤ ਇਸ ਮੁਕਾਬਲੇ ਵਿਚ ਜੋ ਖਿਡਾਰੀ ਸੁਣ ਅਤੇ ਬੋਲ ਨਹੀਂ ਸਕਦੇ, ਉਨ੍ਹਾਂ ਨੂੰ ਇਸ ਖੇਡ ਵਿਚ ਸ਼ਾਮਲ ਕੀਤਾ ਗਿਆ ਹੈ | ਕੀਰਤੀ ਨੇ ਸੀਨੀਅਰ ਮਹਿਲਾ ਮੁਕਾਬਲੇ ਵਿਚ ਦੂਜਾ ਇਨਾਮ ਜਿੱਤਿਆ | ਚਾਂਦੀ ਦਾ ਤਗਮਾ ਜਿੱਤ ਕੇ ਵਿਦਿਆਰਥਣ ਨੇ ਸਕੂਲ ਦਾ ਮਾਣ ਵਧਾਇਆ ਹੈ | ਹੁਣ ਇਸ ਵਿਦਿਆਰਥਣ ਨੂੰ ਨਵੰਬਰ ਮਹੀਨੇ ਵਿਚ ਪਟਿਆਲਾ ਵਿਚ ਹੋਣ ਵਾਲੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲੇ ਲਈ ਚੁਣਿਆ ਜਾਵੇਗਾ | ਇਸ ਖੇਡ ਪ੍ਰਤੀਯੋਗਤਾ ਵਿਚ ਸ਼ਾਮਿਲ ਹੋਣ ਵਾਲੀ ਕੀਰਤੀ ਪੰਜਾਬ ਦੀ ਇਕਲੌਤੀ ਖਿਡਾਰਨ ਸੀ | ਇਸ ਮੌਕੇ ਕਿਰਤੀ ਨੂੰ 75 ਹਜ਼ਾਰ ਰੁਪਏ ਦਾ ਨਗਦ ਇਨਾਮ ਦਿੱਤੇ ਜਾਣ ਦੀ ਘੋਸ਼ਣਾ ਕੀਤੀ ਗਈ | ਇਹ ਇਨਾਮ ਕੀਰਤੀ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲ਼ੋਂ ਦਿੱਤਾ ਜਾਵੇਗਾ | ਇਹ ਗੱਲ ਧਿਆਨ ਦੇਣ ਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕੀਰਤੀ ਨੇ ਰਾਜ ਅਤੇ ਰਾਸ਼ਟਰੀ ਪੱਧਰ 'ਤੇ ਕਰਾਟੇ ਮੁਕਾਬਲਿਆਂ ਵਿਚ ਕਈ ਤਗਮੇ ਜਿੱਤੇ ਹਨ | ਜੋ ਕਿ ਸਕੂਲ ਲਈ ਬਹੁਤ ਮਾਣ ਵਾਲੀ ਗੱਲ ਹੈ | ਪਿ੍ੰਸੀਪਲ ਸ਼੍ਰੀਮਤੀ ਸੁਨੀਤਾ ਬਿਲੰਦੀ ਨੇ ਕੀਰਤੀ ਨੂੰ ਉਸ ਦੀ ਸਫਲਤਾ 'ਤੇ ਵਧਾਈ ਦਿੱਤੀ ਅਤੇ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ |