ਫ਼ਾਜ਼ਿਲਕਾ, 20 ਜੂਨ(ਅਮਰਜੀਤ ਸ਼ਰਮਾ)-ਨੌਜਵਾਨ ਭਾਰਤ ਸਭਾ ਵਲ਼ੋਂ ਜ਼ਿਲ੍ਹਾ ਫ਼ਾਜ਼ਿਲਕਾ ਦੇ ਪਿੰਡ ਮੁਹਾਰ ਖੀਵਾ (ਭਵਾਨੀ) ਵਿਖੇ 21 ਮੈਂਬਰੀ ਪਿੰਡ ਦੀ ਇਕਾਈ ਦਾ ਗਠਨ ਕੀਤਾ ਗਿਆ | ਇਸ ਮੌਕੇ ਪਿੰਡ ਦੇ ਨੌਜਵਾਨਾਂ ਨਾਲ ਨੌਜਵਾਨ ਭਾਰਤ ਸਭਾ ਦੇ ਇਤਿਹਾਸ ਅਤੇ ਮੌਜੂਦਾ ਸਮੇਂ ਵਿਚ ਨੌਜਵਾਨਾਂ ਸਾਹਮਣੇ ਚੁਨੌਤੀਆਂ ਵਿਸ਼ੇ ਉੱਪਰ ਗੱਲਬਾਤ ਕੀਤੀ ਗਈ | ਇਸ ਮੌਕੇ ਕਮਲਜੀਤ ਮੁਹਾਰ ਖੀਵਾ, ਦਿਲਕਰਨ ਰਤਨਪੁਰਾ ਅਤੇ ਅਦਿੱਤਿਆ ਫ਼ਾਜ਼ਿਲਕਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿਚ ਨੌਜਵਾਨਾਂ ਸਾਹਮਣੇ ਬਹੁਤ ਚੁਨੌਤੀਆਂ ਹਨ ਅੱਜ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵਲ਼ੋਂ ਲੋਕ ਮਾਰੂ ਨੀਤੀਆਂ ਬਣਾ ਕੇ ਨੌਜਵਾਨਾਂ ਦੇ ਭਵਿੱਖ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਸਿੱਖਿਆ ਦੇ ਖੇਤਰ ਵਿਚ ਕਾਰਪੋਰੇਟ ਘਰਾਨਿਆਂ ਦੀ ਦਖ਼ਲ ਨੂੰ ਵਧਾਉਣ ਲਈ ਲਗਾਤਾਰ ਨਵੀਂ ਸਿੱਖਿਆ ਨੀਤੀ ਨੂੰ ਲਾਗੂ ਕੀਤਾ ਜਾ ਰਿਹਾ ਹੈ | ਜਿਸ ਤਹਿਤ ਸਿਲੇਬਸ ਤਬਦੀਲੀ ਦੇ ਨਾਮ ਉੱਪਰ ਸਿੱਖ ਇਤਿਹਾਸ ਅਤੇ ਸਾਡੇ ਸ਼ਹੀਦਾਂ ਦੇ ਇਤਿਹਾਸ ਨੂੰ ਬਾਹਰ ਕੱਢਕੇ ਮਿਥਿਹਾਸ ਥੋਪਿਆ ਜਾ ਰਿਹਾ ਹੈ 'ਤੇ ਨੌਜਵਾਨਾਂ ਨੂੰ ਇਤਿਹਾਸ ਨਾਲੋਂ ਤੋੜਿਆ ਜਾ ਰਿਹਾ ਹੈ | ਇਸ ਦੇ ਨਾਲ ਹੀ ਨੌਜਵਾਨਾਂ ਲਈ ਬੇਰੁਜ਼ਗਾਰੀ ਦਾ ਸਭ ਤੋਂ ਵੱਡਾ ਸੰਕਟ ਹੈ | ਵੱਡੀ-ਵੱਡੀ ਡਿਗਰੀਆਂ ਲੈ ਕੇ ਵੀ ਨੌਜਵਾਨ ਬੇਰੁਜ਼ਗਾਰੀ ਦੇ ਸੰਕਟ ਨਾਲ ਜੂਝ ਰਹੇ ਹਨ ਅਤੇ ਦਿਹਾੜੀਆਂ ਕਰਨ ਨੂੰ ਮਜਬੂਰ ਹਨ | ਜਿਸ ਕਰਕੇ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਕੇ ਨਸ਼ਿਆਂ ਦੀ ਦਲਦਲ ਵਿਚ ਫਸ ਰਹੇ ਹਨ ਅਤੇ ਨੌਜਵਾਨ ਖੁਦਕੁਸ਼ੀਆਂ ਦੇ ਰਾਹ ਪਏ ਹਨ | ਇਸ ਸਮੇਂ ਨੌਜਵਾਨਾਂ ਵੱਲੋਂ ਚੰਗੇ ਭਵਿੱਖ ਦੀ ਆਸ ਵਿਚ ਵਿਦੇਸ਼ਾਂ ਵੱਲ ਪਰਵਾਸ ਵਧਿਆ ਹੈ | ਪਰ ਸਰਕਾਰ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ | ਨੌਜਵਾਨ ਆਗੂ ਰਾਜਨ ਅਤੇ ਸ਼ਨਕੂ ਸਿੰਘ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਸ਼ਹੀਦ ਭਗਤ ਸਿੰਘ ਦੇ ਨਾਮ ਨੂੰ ਵਰਤ ਕੇ ਸੱਤਾ ਵਿਚ ਕਾਬਜ਼ ਹੋਈ ਸੀ | ਪਰ ਅੱਜ ਹਾਲਤ ਇਹ ਹੈ ਕਿ ਪੰਜਾਬ ਦੇ ਵਿਚ ਸਾਡੇ ਸ਼ਹੀਦਾਂ ਦੀਆਂ ਵਿਰਾਸਤਾਂ ਰੁਲ ਰਹੀਆਂ ਹਨ | ਪੰਜਾਬ ਵਿਚ ਫ਼ਿਰੋਜ਼ਪੁਰ ਤੂੜੀ ਬਾਜ਼ਾਰ ਵਿਚ ਗੁਪਤ ਟਿਕਾਣਾ, ਸ਼ਹੀਦ ਸੁਖਦੇਵ, ਕਰਤਾਰ ਸਿੰਘ ਸਰਾਭਾ, ਮਦਨ ਲਾਲ ਢੀਂਗਰਾ ਦਾ ਘਰ ਅਤੇ ਅਜਿਹੇ ਹੋਰ ਵੀ ਬਹੁਤ ਸਾਰੇ ਇਤਿਹਾਸਕ ਸਥਾਨ ਹਨ ਜਿਨ੍ਹਾਂ ਨੂੰ ਸਰਕਾਰ ਸਾਂਭਣ ਲਈ ਬਿਲਕੁਲ ਵੀ ਤਿਆਰ ਨਹੀਂ ਹੈ | ਸਗੋਂ ਜਲਿ੍ਹਆਂਵਾਲੇ ਬਾਗ਼ ਨੂੰ ਨਵੀਨੀਕਰਨ ਦੇ ਨਾਮ ਉੱਪਰ ਇੱਕ ਪਿਕਨਿਕ ਸਪੋਟ ਵਜੋਂ ਤਬਦੀਲ ਕਰ ਦਿੱਤਾ ਗਿਆ ਹੈ | ਸੋ ਇਸ ਲਈ ਸਾਡੇ ਸ਼ਹੀਦਾਂ ਦੀਆਂ ਵਿਰਾਸਤਾਂ ਨੂੰ ਬਚਾਉਣ ਲਈ ਨੌਜਵਾਨਾਂ ਦਾ ਜਥੇਬੰਦ ਹੋਣਾ ਸਮੇਂ ਦੀ ਮੁੱਖ ਲੋੜ ਹੈ ਤਾਂ ਜੋ ਇਹ ਨੌਜਵਾਨ ਸਾਡੇ ਸ਼ਹੀਦਾਂ ਦੀ ਵਿਚਾਰਧਾਰਾ ਨੂੰ ਲੋਕਾਂ ਤੱਕ ਪਹੁੰਚਾਉਣ ਵਿਚ ਸਫਲ ਹੋਣ | ਅੰਤ ਇਸ ਮੌਕੇ ਸ਼ਨਕੂ ਸਿੰਘ ਨੂੰ ਪਿੰਡ ਇਕਾਈ ਦਾ ਪ੍ਰਧਾਨ, ਮੀਤ ਪ੍ਰਧਾਨ ਸਤਨਾਮ ਸਿੰਘ, ਸਕੱਤਰ ਗੁਰਪ੍ਰੀਤ ਸਿੰਘ, ਖ਼ਜ਼ਾਨਚੀ ਅਕਬਰ ਸਿੰਘ,ਸਹਾਇਕ ਖ਼ਜ਼ਾਨਚੀ ਰਾਕੇਸ਼ ਸਿੰਘ, ਪੈੱ੍ਰਸ ਸਕੱਤਰ ਮਿੱਠੂ ਸਿੰਘ, ਸਹਾਇਕ ਪੈੱ੍ਰਸ ਸਕੱਤਰ ਪ੍ਰਗਟ ਸਿੰਘ, ਸੋਸ਼ਲ ਮੀਡੀਆ ਵਰਕਰ ਗੋਬਿੰਦ ਸਿੰਘ ਅਤੇ ਬਾਕੀਆਂ ਨੂੰ ਪਿੰਡ ਇਕਾਈ ਦੇ ਮੈਂਬਰ ਵਜੋਂ ਚੁਣਿਆ ਗਿਆ |