ਜ਼ੀਰਾ, 20 ਜੂਨ (ਰਜਨੀਸ਼ ਕਥੂਰੀਆ)-ਸੇਵਾਮੁਕਤ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜ਼ੀਰਾ ਦੀ ਇਕ ਵਿਸ਼ੇਸ਼ ਮੀਟਿੰਗ ਤਹਿਸੀਲ ਪ੍ਰਧਾਨ ਕਿੱਕਰ ਸਿੰਘ ਦੀ ਪ੍ਰਧਾਨਗੀ ਹੇਠ ਮਾਰਕੀਟ ਕਮੇਟੀ ਦਫ਼ਤਰ ਜ਼ੀਰਾ ਵਿਖੇ ਹੋਈ | ਇਸ ਮੀਟਿੰਗ ਵਿਚ ਵੱਡੀ ਗਿਣਤੀ ਵਿਚ ਪੈਨਸ਼ਨਰ ਸ਼ਾਮਿਲ ਹੋਏ | ਇਸ ਮੌਕੇ 'ਤੇ ਯੂਨੀਅਨ ਦੇ ਵੱਖ-ਵੱਖ ਆਗੂਆਂ ਨੇ ਮੁੱਖ ਮੰਤਰੀ ਪੰਜਾਬ ਨੂੰ ਕੋਸਦੇ ਹੋਏ ਮੰਗ ਕੀਤੀ ਗਈ ਕਿ ਮੁਲਾਜ਼ਮਾਂ ਦਾ ਛੇਵੇਂ ਤਨਖ਼ਾਹ ਕਮਿਸ਼ਨ ਦਾ ਬਕਾਇਆ ਬਿਨਾਂ ਕਿਸੇ ਦੇਰੀ ਦੇ ਇਕਮੁਸ਼ਤ ਦਿੱਤਾ ਜਾਵੇ | ਰਹਿੰਦਾ 13 ਪ੍ਰਤੀਸ਼ਤ ਡੀ.ਏ. ਅਤੇ 2000 ਰੁਪਏ ਪ੍ਰਤੀ ਮਹੀਨਾ ਮੈਡੀਕਲ ਭੱਤਾ, ਕੈਸ਼ਲੈਸ ਸਕੀਮ ਆਸਾਨ ਵਿਧੀ ਨਾਲ ਲਾਗੂ ਕੀਤੀ ਜਾਵੇ | ਸਾਲ 2016 ਤੋਂ ਪਹਿਲਾਂ ਦੇ ਪੈਨਸ਼ਨਰਾਂ ਦੀ 2.59 ਫੈਕਟਰ ਨਾਲ ਪੈਨਸ਼ਨ ਫਿਕਸ ਕੀਤੀ ਜਾਵੇ | ਇਸ ਤੋਂ ਇਲਾਵਾ 26 ਜੂਨ 2025 ਨੂੰ ਜੁਆਇੰਟ ਫ਼ਰੰਟ ਪੈਨਸ਼ਨਰਾਂ ਨਾਲ ਮੀਟਿੰਗ ਵਿਚ ਮੰਗਾਂ ਲਾਗੂ ਕਰਕੇ ਪੰਜਾਬ ਸਰਕਾਰ ਆਪਣੇ ਵਲੋਂ ਕੀਤਾ ਵਾਅਦਾ ਪੂਰਾ ਕਰੇ ਨਹੀਂ ਤਾਂ ਸਾਂਝਾ ਫ਼ਰੰਟ ਪੈਨਸ਼ਨਰ ਜਥੇਬੰਦੀਆਂ ਸੰਘਰਸ਼ ਕਰਨ ਲਈ ਮਜਬੂਰ ਹੋਣਗੀਆਂ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ |