ਫ਼ਿਰੋਜ਼ਪੁਰ, 20 ਜੂਨ (ਕੁਲਬੀਰ ਸਿੰਘ ਸੋਢੀ)-ਉੱਤਰ ਰੇਲਵੇ ਦੇ ਫ਼ਿਰੋਜ਼ਪੁਰ ਮੰਡਲ ਵਲੋਂ ਸੁਰੱਖਿਅਤ ਅਤੇ ਆਰਾਮਦਾਇਕ ਰੇਲ ਯਾਤਰਾ ਨੂੰ ਯਕੀਨੀ ਬਣਾਉਣ ਅਤੇ ਅਸਲ ਰੇਲ ਉਪਭੋਗਤਾਵਾਂ ਲਈ ਸੇਵਾਵਾਂ ਵਿਚ ਸੁਧਾਰ ਕਰਨ ਦੇ ਮਕਸਦ ਨਾਲ ਲਗਾਤਾਰ ਟਿਕਟ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਹੈ | ਇਸ ਲੜੀ ਦੇ ਚੱਲਦੇ ਬੀਤੇ ਦਿਨ 19 ਜੂਨ ਨੂੰ ਵੱਡੇ ਪੱਧਰ 'ਤੇ ਟਿਕਟ ਚੈਕਿੰਗ ਮੁਹਿੰਮ ਮੰਡਲ ਰੇਲ ਪ੍ਰਬੰਧਕ ਸੰਜੇ ਸਾਹੂ ਦੀ ਅਗਵਾਈ ਅਤੇ ਸੀਨੀਅਰ ਮੰਡਲ ਵਣਜ ਪ੍ਰਬੰਧਕ ਪਰਮਦੀਪ ਸਿੰਘ ਸੈਣੀ ਦੇ ਨਿਰਦੇਸ਼ਨ ਹੇਠ ਸੰਚਾਲਿਤ ਕੀਤੀ ਗਈ | ਇਸ ਮੁਹਿੰਮ ਦੌਰਾਨ ਵਿਸ਼ੇਸ਼ ਟਿਕਟ ਚੈਕਿੰਗ ਟੀਮ ਵਲੋਂ 1048 ਯਾਤਰੀਆਂ ਨੂੰ ਬਿਨਾ ਟਿਕਟ ਦੇ ਕਾਬੂ ਕਰਕੇ 7 ਲੱਖ ਰੁਪਏ ਤੋਂ ਵੱਧ ਦਾ ਮਾਲੀਆ ਵਸੂਲਿਆ ਗਿਆ | ਇਸ ਮੁਹਿੰਮ ਦੌਰਾਨ ਟਿਕਟ ਚੈਕਿੰਗ ਟੀਮ ਵਲੋਂ ਗੰਗਾ ਸਤਲੁਜ ਐਕਸਪੈੱ੍ਰਸ, ਮਾਲਵਾ ਸੁਪਰਫਾਸਟ ਐਕਸਪੈੱ੍ਰਸ, ਅਮਰਪਾਲੀ ਐਕਸਪੈੱ੍ਰਸ, ਅੰਮਿ੍ਤਸਰ ਹਾਵੜਾ ਮੇਲ, ਪਾਤਾਲਕੋਟ ਐਕਸਪੈੱ੍ਰਸ, ਬੇਗਮਪੁਰਾ ਐਕਸਪੈੱ੍ਰਸ, ਜੰਮੂਤਵੀ ਐਕਸਪੈੱ੍ਰਸ, ਅਤੇ ਜੰਮੂਤਵੀ ਭਗਤ ਕੀ ਕੋਠੀ ਐਕਸਪੈੱ੍ਰਸ ਵਰਗੀਆਂ ਰੇਲਗੱਡੀਆਂ ਵਿਚ ਟਿਕਟਾਂ ਦੀ ਜਾਂਚ ਕੀਤੀ ਗਈ | ਸੀਨੀਅਰ ਮੰਡਲ ਵਣਜ ਪ੍ਰਬੰਧਕ ਪਰਮਦੀਪ ਸਿੰਘ ਸੈਣੀ ਨੇ ਯਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਵੈਧ ਟਿਕਟ ਨਾਲ ਯਾਤਰਾ ਕਰਨ, ਰੇਲਗੱਡੀਆਂ ਵਿਚ ਚੜ੍ਹਨ-ਉਤਰਨ ਲਈ ਉਚਿੱਤ ਕਤਾਰ ਬਣਾਈ ਰੱਖਣ, ਕਿਊ.ਆਰ-ਸਮਰੱਥ ਸਹੂਲਤਾਂ ਨਾਲ ਡਿਜੀਟਲ ਭੁਗਤਾਨ ਦੇ ਵਿਕਲਪਾਂ ਦੀ ਵਰਤੋਂ ਕਰਨ, ਪਲੈਟਫਾਰਮ ਬਦਲਣ ਲਈ ਫੁੱਟ ਓਵਰ ਬਿ੍ਜ (ਐਫ.ਓ.ਬੀ) ਦੀ ਵਰਤੋਂ ਕਰਨ ਅਤੇ ਯਾਤਰਾ ਦੌਰਾਨ ਵੈਧ ਪਛਾਣ ਪੱਤਰ ਪੇਸ਼ ਕਰਨ | ਉਨ੍ਹਾਂ ਕਿਹਾ ਕਿ ਮੰਡਲ ਦੀਆਂ ਸਾਰੀਆਂ ਲਾਈਨਾਂ 'ਤੇ ਟਿਕਟ ਚੈਕਿੰਗ ਮੁਹਿੰਮ ਨਿਰੰਤਰ ਜਾਰੀ ਰਹੇਗੀ |