ਫ਼ਿਰੋਜ਼ਪੁਰ, 20 ਜੂਨ (ਰਾਕੇਸ਼ ਚਾਵਲਾ)-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਿਚ ਲੰਮੇ ਸਮੇਂ ਤੋਂ ਆਪਣੀਆਂ ਸੇਵਾਵਾਂ ਨਿਭਾਅ ਰਹੇ ਨੀਰਜ ਕੁਮਾਰ ਸ਼ਰਮਾ ਨੇ ਪਦ-ਉੱਨਤੀ ਹੋਣ ਬਾਅਦ ਅੱਜ ਰਸਮੀ ਤੌਰ 'ਤੇ ਖੇਤੀਬਾੜੀ ਅਫ਼ਸਰ ਸਦਰ ਮੁਕਾਮ ਫ਼ਿਰੋਜ਼ਪੁਰ ਦਾ ਅਹੁਦੇ ਸੰਭਾਲ ਲਿਆ ਹੈ | ਉਨ੍ਹਾਂ ਦੀ ਤਾਇਨਾਤੀ ਨਾਲ ਖੇਤੀਬਾੜੀ ਖੇਤਰ ਵਿਚ ਨਵੀਆਂ ਰਣਨੀਤੀਆਂ ਅਤੇ ਵਿਕਾਸੀ ਯੋਜਨਾਵਾਂ ਲਾਗੂ ਹੋਣ ਦੀ ਉਮੀਦ ਹੈ | ਚਾਰਜ ਸੰਭਾਲਣ ਮੌਕੇ ਉਨ੍ਹਾਂ ਨਾਲ ਮੁੱਖ ਖੇਤੀਬਾੜੀ ਅਫ਼ਸਰ ਫ਼ਿਰੋਜ਼ਪੁਰ ਡਾਕਟਰ ਗੁਰਪ੍ਰੀਤ ਸਿੰਘ ਸਿੱਧੂ ਤੋਂ ਇਲਾਵਾ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ | ਇਸ ਮੌਕੇ ਨੀਰਜ ਸ਼ਰਮਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਉਹ ਕਿਸਾਨਾਂ ਦੀ ਭਲਾਈ ਲਈ ਪੂਰੀ ਲਗਨ, ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰਨਗੇ | ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਦੀ ਭੂਮਿਕਾ ਸਿਰਫ਼ ਸਰਕਾਰੀ ਸਕੀਮਾਂ ਨੂੰ ਲਾਗੂ ਕਰਨਾ ਹੀ ਨਹੀਂ, ਸਗੋਂ ਕਿਸਾਨਾਂ ਦੀ ਆਰਥਿਕ ਹਾਲਤ ਨੂੰ ਮਜ਼ਬੂਤ ਕਰਨਾ ਵੀ ਹੈ | ਉਨ੍ਹਾਂ ਨੇ ਅੱਗੇ ਕਿਹਾ ਕਿ ਇਲਾਕੇ ਦੇ ਕਿਸਾਨਾਂ ਨੂੰ ਨਵੀਨ ਤਕਨੀਕਾਂ, ਮੌਸਮ ਅਨੁਕੂਲ ਫਸਲਾਂ, ਅਤੇ ਪ੍ਰਾਕਿ੍ਤਕ ਖੇਤੀ ਵੱਲ ਪ੍ਰੇਰਿਤ ਕੀਤਾ ਜਾਵੇਗਾ, ਤਾਂ ਜੋ ਉਹ ਆਪਣੀ ਉਪਜ ਨੂੰ ਵਧਾ ਸਕਣ ਅਤੇ ਵਾਤਾਵਰਣ-ਅਨੁਕੂਲ ਖੇਤੀ ਪ੍ਰਣਾਲੀ ਨੂੰ ਅਪਣਾ ਸਕਣ | ਨੀਰਜ ਸ਼ਰਮਾ ਨੇ ਇਸ ਗੱਲ ਦਾ ਵੀ ਵਿਸ਼ਵਾਸ ਦਿਵਾਇਆ ਕਿ ਕਿਸਾਨਾਂ ਨੂੰ ਸਰਕਾਰੀ ਯੋਜਨਾਵਾਂ ਬਾਰੇ ਸਮੇਂ-ਸਿਰ ਜਾਣੂ ਕਰਵਾਇਆ ਜਾਵੇਗਾ ਅਤੇ ਲਾਭ ਪ੍ਰਾਪਤ ਕਰਨ ਵਿਚ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ | ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਫ਼ਿਰੋਜ਼ਪੁਰ ਡਾਕਟਰ ਗੁਰਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਇੱਥੇ ਦੀ ਜ਼ਮੀਨ ਉਤਪਾਦਨਸ਼ੀਲ ਹੈ ਅਤੇ ਪਾਣੀ ਦੇ ਸਰੋਤ ਵੀ ਉਪਲਬਧ ਹਨ | ਜੇ ਕਿਸਾਨਾਂ ਨੂੰ ਠੀਕ ਮਾਰਗ ਦਰਸ਼ਨ ਮਿਲੇ ਤਾਂ ਇਹ ਖੇਤਰ ਸੂਬੇ ਵਿਚ ਮਿਸਾਲ ਬਣ ਸਕਦਾ ਹੈ | ਉਨ੍ਹਾਂ ਕਿਹਾ ਨੀਰਜ ਸ਼ਰਮਾ ਸੂਝਵਾਨ ਅਫ਼ਸਰ ਹਨ ਅਤੇ ਹਰ ਸਮੇਂ ਉਹ ਕਿਸਾਨਾਂ ਨਾਲ ਨਿਰੰਤਰ ਸੰਪਰਕ ਵਿਚ ਰਹਿੰਦੇ ਹਨ ਅਤੇ ਭਵਿੱਖ ਵਿਚ ਵੀ ਜ਼ਮੀਨੀ ਪੱਧਰ 'ਤੇ ਜਾ ਕੇ ਕਿਸਾਨਾਂ ਦੀ ਬਿਹਤਰੀ ਲਈ ਕੰਮ ਕਰਨਗੇ | ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਨੀਰਜ ਸ਼ਰਮਾ ਫ਼ਿਰੋਜ਼ਪੁਰ ਵਿਖੇ ਖੇਤੀਬਾੜੀ ਵਿਕਾਸ ਅਫ਼ਸਰ ਇਨਫੋਰਸਮੈਂਟ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ | ਇਸ ਮੌਕੇ ਹੋਰਾਂ ਤੋਂ ਇਲਾਵਾ ਬਲਾਕ ਖੇਤੀਬਾੜੀ ਅਫ਼ਸਰ ਡਾ. ਗੁਰਸਾਹਿਬ ਸਿੰਘ, ਡਾ. ਅਮਿਤ ਪੁੰਜ, ਡਾ. ਰਜਨੀਸ਼, ਡਾ. ਗੁਰਵੰਤ ਸਿੰਘ ਭੁੱਲਰ, ਡਾ. ਰਾਜਵਿੰਦਰ, ਸੰਜੀਵ ਗੁਪਤਾ ਲੇਖਾਕਾਰ ਅਤੇ ਕਰਨ ਸੀਨੀਅਰ ਸਹਾਇਕ, ਸੁਖਪਾਲ ਸਿੰਘ ਸੁਪਰਡੈਂਟ ਆਦਿ ਵੀ ਹਾਜ਼ਰ ਸਨ |