ਮਮਦੋਟ, 20 ਜੂਨ (ਸੁਖਦੇਵ ਸਿੰਘ ਸੰਗਮ)-ਵਿਧਾਨ ਸਭਾ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਸਰਹੱਦੀ ਕਸਬਾ ਮਮਦੋਟ ਵਿਚ ਪਿਛਲੇ ਇਕ ਸਾਲ ਤੋਂ ਸ਼ੁਰੂ ਹੋਇਆ ਸੀਵਰੇਜ ਪਾਉਣ ਦਾ ਕੰਮ ਲਗਭਗ ਪੂਰਾ ਹੋਣ ਦੇ ਬਾਵਜੂਦ ਵੀ ਮਮਦੋਟ ਵਾਸੀ ਘੱਟਾ ਫੱਕਣ ਲਈ ਮਜਬੂਰ ਹਨ | ਜਾਣਕਾਰੀ ਅਨੁਸਾਰ ਪਹਿਲੇ ਫੇਸ ਦੌਰਾਨ ਕਸਬੇ ਦੇ ਸਵਾਈ ਕੇ ਰੋਡ, ਬਾਹਰੀ ਬਾਜ਼ਾਰ, ਅੱਡਾ ਹਜਾਰਾ ਸਿੰਘ ਵਾਲਾ, ਸਬ ਤਹਿਸੀਲ ਰੋਡ ਬਸਤੀ ਸਾਹਨ ਕੇ ਅਤੇ ਮਮਦੋਟ ਖਾਈ ਸੜਕ 'ਤੇ ਸੀਵਰੇਜ ਪਾਉਣ ਦਾ ਕੰਮ ਕਰੀਬ ਇਕ ਸਾਲ ਪਹਿਲਾਂ ਠੇਕੇਦਾਰ ਵਲੋਂ ਚਾਲੂ ਕੀਤਾ ਗਿਆ ਸੀ ਜੋ ਕਰੀਬ ਤਿੰਨ ਚਾਰ ਮਹੀਨੇ ਪਹਿਲਾਂ ਤੋਂ ਪੂਰਾ ਹੋਣ ਦੇ ਬਾਵਜੂਦ ਵੀ ਠੇਕੇਦਾਰ ਵਲੋਂ ਪੁੱਟੀਆਂ ਗਈਆਂ ਸੜਕਾਂ ਨੂੰ ਦੁਬਾਰਾ ਤੋਂ ਪੱਕਾ ਬਣਾਉਣ ਦਾ ਕੰਮ ਸ਼ੁਰੂ ਨਹੀਂ ਕੀਤਾ ਜਾ ਰਿਹਾ ਜਿਸ ਕਾਰਨ ਜਿੱਥੇ ਮਮਦੋਟ ਦੇ ਬਾਜ਼ਾਰਾਂ ਵਿਚੋਂ ਖ਼ਰੀਦਦਾਰੀ ਕਰਨ ਲਈ ਆਉਣ ਵਾਲੇ ਪਿੰਡਾਂ ਦੇ ਲੋਕ ਟੁੱਟੀਆਂ ਸੜਕਾਂ ਤੋਂ ਲੰਘਣ ਲਈ ਮਜਬੂਰ ਹਨ ਉੱਥੇ ਹੀ ਸਥਾਨਕ ਬਾਜ਼ਾਰਾਂ ਦੇ ਦੁਕਾਨਦਾਰਾਂ ਨੂੰ ਵੀ ਰੋਜ਼ਾਨਾ ਸੜਕਾਂ ਤੋਂ ਉੱਡਦੀ ਧੂੜ ਮਿੱਟੀ ਕਾਰਨ ਖ਼ਾਸੀ ਪ੍ਰੇਸ਼ਾਨੀ ਹੋ ਰਹੀ ਹੈ, ਦੁਕਾਨਦਾਰਾਂ ਮੁਤਾਬਿਕ ਜਦੋਂ ਤੋਂ ਸੀਵਰੇਜ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਉਦੋਂ ਤੋਂ ਹੀ ਕਸਬਾ ਮਮਦੋਟ ਮੰਦੀ ਦਾ ਸ਼ਿਕਾਰ ਹੋ ਗਿਆ ਹੈ ਕਿਉਂਕਿ ਬਹੁਤੇ ਪਿੰਡਾਂ ਦੇ ਲੋਕ ਮਾੜੇ ਰਸਤਿਆਂ ਦੀ ਵਜ੍ਹਾ ਕਰਕੇ ਮਮਦੋਟ ਆਉਣ ਦੀ ਬਜਾਏ ਦੂਜੇ ਨੇੜਲੇ ਸ਼ਹਿਰਾਂ ਤੋਂ ਖ਼ਰੀਦਦਾਰੀ ਕਰਨ ਨੂੰ ਪਹਿਲ ਦੇਣ ਲੱਗੇ ਹਨ | ਮਮਦੋਟ ਵਿਖੇ ਸੀਵਰੇਜ ਪਾਉਣ ਵਾਲੀ ਫ਼ਰਮ ਦੇ ਇਕ ਕਰਮਚਾਰੀ ਮੁਤਾਬਿਕ ਸਰਕਾਰ ਵਲੋਂ ਉਕਤ ਕੰਮ ਲਈ ਸਿਰਫ਼ ਪਹਿਲੇ ਫੇਸ ਦਾ ਕੰਮ ਹੀ ਅਲਾਟ ਕੀਤਾ ਗਿਆ ਸੀ ਜੋ ਕਿ ਫ਼ਰਮ ਵਲੋਂ ਪੂਰਾ ਕਰ ਦਿੱਤਾ ਗਿਆ ਹੈ ਤੇ ਜਲਦੀ ਹੀ ਇਸ ਪ੍ਰਾਜੈਕਟ ਨੂੰ ਚਾਲੂ ਕੀਤਾ ਜਾ ਰਿਹਾ ਹੈ ਉਨ੍ਹਾਂ ਦੱਸਿਆ ਕਿ ਕਸਬੇ ਦੀਆਂ ਸੜਕਾਂ ਬਣਾਉਣ ਲਈ ਹਾਲੇ ਤੱਕ ਸਰਕਾਰ ਵਲੋਂ ਟੈਂਡਰ ਜਾਰੀ ਨਹੀਂ ਕੀਤਾ ਗਿਆ ਅਤੇ ਇਸ ਤੋਂ ਪਹਿਲਾਂ ਵਾਟਰ ਸਪਲਾਈ ਦਾ ਕੰਮ ਹੋਣਾ ਵੀ ਬਾਕੀ ਹੈ ਜਿਸ ਦੀ ਅਲਾਟਮੈਂਟ ਵੀ ਅਜੇ ਤੱਕ ਨਹੀਂ ਹੋਈ ਹੈ | ਕਸਬੇ ਦੇ ਦੁਕਾਨਦਾਰਾਂ ਅਤੇ ਵੱਖ ਵੱਖ ਪਿੰਡਾਂ ਤੋਂ ਆਉਣ ਵਾਲੇ ਲੋਕਾਂ ਨੇ ਹਲਕਾ ਵਿਧਾਇਕ ਫ਼ਿਰੋਜ਼ਪੁਰ ਦਿਹਾਤੀ ਰਜਨੀਸ਼ ਦਹੀਯਾ ਅਤੇ ਸੀਵਰੇਜ ਬੋਰਡ ਦੇ ਜ਼ਿਲ੍ਹਾ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਜਨਤਕ ਮੁਸ਼ਕਿਲ ਨੂੰ ਦੇਖਦੇ ਹੋਏ ਸੜਕਾਂ ਨੂੰ ਨਵਿਆਉਣ ਦਾ ਕੰਮ ਛੇਤੀ ਤੋਂ ਛੇਤੀ ਮੁਕੰਮਲ ਕਰਵਾਇਆ ਜਾਵੇ |