ਫ਼ਿਰੋਜ਼ਪੁਰ, 21 ਜੂਨ (ਸੁਖਵਿੰਦਰ ਸਿੰਘ)-ਫ਼ਿਰੋਜ਼ਪੁਰ ਵਿਚ ਚੋਰੀ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ | ਇਨ੍ਹਾਂ ਚੋਰੀਆਂ ਦੇ ਪਿੱਛੇ ਜ਼ਿਆਦਾਤਰ ਨਸ਼ੇ ਦੇ ਆਦੀ ਨੌਜਵਾਨਾਂ ਦਾ ਹੱਥ ਹੋਣ ਦੀ ਆਸ਼ੰਕਾ ਜਤਾਈ ਜਾ ਰਹੀ ਹੈ | ਤਾਜ਼ਾ ਮਾਮਲੇ ਵਿਚ ਮੱਖੂ ਗੇਟ ਇਲਾਕੇ ਵਿਚ ਇਕ ਪਰਿਵਾਰ ਦੇ ਘਰ ਦੌਰਾਨ ਚਾਰ ਤੋਲੇ ਸੋਨਾ ਅਤੇ 20 ਤੋਲੇ ਚਾਂਦੀ ਚੋਰੀ ਹੋ ਗਈ | ਮਾਲਕ ਜਸਵਿੰਦਰ ਸਿੰਘ ਜੱਸ ਪੁੱਤਰ ਕਾਬਲ ਸਿੰਘ ਨੇ ਦੱਸਿਆ ਕਿ ਰਾਤ ਨੂੰ ਉਹ ਪਰਿਵਾਰ ਸਮੇਤ ਘਰ ਵਿਚ ਸੁੱਤੇ ਹੋਏ ਸਨ, ਜਦੋਂ ਕਿ ਚੋਰ ਘਰ ਦੇ ਅੰਦਰ ਦਾਖਲ ਹੋ ਕੇ ਨਾਲ ਵਾਲੇ ਕਮਰੇ ਵਿਚ ਰੱਖੀ ਅਲਮਾਰੀ ਨੂੰ ਤੋੜ ਕੇ ਕੀਮਤੀ ਗਹਿਣੇ ਲੈ ਗਏ | ਸਵੇਰੇ ਜਦੋਂ ਉੱਠ ਕੇ ਦੇਖਿਆ ਗਿਆ ਤਾਂ ਅਲਮਾਰੀ ਅਤੇ ਲਾਕਰ ਖੁੱਲ੍ਹੇ ਹੋਏ ਸਨ | ਤੁਰੰਤ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ, ਪਰ ਕਿਹਾ ਜਾਂਦਾ ਹੈ ਕਿ ਮੌਕੇ 'ਤੇ ਪੁਲਿਸ ਨੇ ਕੋਈ ਤੁਰੰਤ ਕਾਰਵਾਈ ਨਹੀਂ ਕੀਤੀ | ਜਦੋਂ ਸਿਟੀ ਥਾਣਾ ਦੇ ਐੱਸ.ਐੱਚ.ਓ ਜਤਿੰਦਰ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ | ਫਿਰ ਮੁਨਸ਼ੀ ਤਿਲਕ ਰਾਜ ਨੇ ਦੱਸਿਆ ਕਿ ਅਸੀਂ ਹੁਣੇ ਆ ਕੇ ਕਾਰਵਾਈ ਕਰਦੇ ਹਾਂ | ਜਸਵਿੰਦਰ ਸਿੰਘ ਨੇ ਦੱਸਿਆ ਕਿ ਬਹੁਤੇ ਚੋਰ ਨਸ਼ੇ ਦੇ ਆਦੀ ਹੁੰਦੇ ਹਨ, ਜੋ ਆਪਣੀ ਲੱਤ ਪੂਰੀ ਕਰਨ ਲਈ ਅਜਿਹੇ ਕਦਮ ਚੁੱਕਦੇ ਹਨ | ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਰਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਅਤੇ ਉਨ੍ਹਾਂ ਦਾ ਲੁੱਟਿਆ ਗਿਆ ਸਮਾਨ ਵਾਪਸ ਦਿਵਾਇਆ ਜਾਵੇ | ਨਾਲ ਹੀ ਉਨ੍ਹਾਂ ਇਹ ਵੀ ਮੰਗ ਕੀਤੀ ਕਿ ਮੱਖੂ ਗੇਟ ਇਲਾਕੇ ਵਿਚ ਰਾਤ ਦੀ ਗਸ਼ਤ ਲਾਜ਼ਮੀ ਬਣਾਈ ਜਾਵੇ |