ਫ਼ਿਰੋਜ਼ਪੁਰ, 21 ਜੂਨ (ਕੁਲਬੀਰ ਸਿੰਘ ਸੋਢੀ)-ਬੱਚਿਆਂ ਦੀ ਸਿਰਜਣਾਤਮਿਕਤਾ, ਇਕਾਗਰਤਾ ਅਤੇ ਸਰੀਰਕ ਸਿਹਤ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸੰਸਥਾ ਮਯੰਕ ਫਾਊਾਡੇਸ਼ਨ ਵਲੋਂ ਸੰਤੋਸ਼ ਸੇਵਾ ਕੁੰਜ ਵਿਖੇ 10 ਦਿਨਾਂ ਦਾ ਲਗਾਇਆ ਮੁਫ਼ਤ ਸਮਰ ਕੈਂਪ ਸਫਲਤਾਪੂਰਵਕ ਸਮਾਪਤ ਹੋਇਆ | ਕੈਂਪ ਵਿਚ 40 ਬੱਚਿਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਵੱਖ-ਵੱਖ ਗਤੀਵਿਧੀਆਂ ਦਾ ਅਨੰਦ ਮਾਣਿਆ | ਜਾਣਕਾਰੀ ਅਨੁਸਾਰ ਕੈਂਪ ਦੇ ਰੋਜ਼ਾਨਾ ਪ੍ਰੋਗਰਾਮ ਵਿਚ ਸਵੇਰ ਦੀਆਂ ਵੱਖ-ਵੱਖ ਪ੍ਰਾਰਥਨਾਵਾਂ, ਯੋਗਾ ਅਭਿਆਸ, ਆਰਟ ਅਤੇ ਕਰਾਫ਼ਟ, ਡਰਾਇੰਗ ਅਤੇ ਪੇਂਟਿੰਗ, ਅਬੇਕਸ ਸਿਖਲਾਈ, ਸਪੀਡ ਰਾਈਟਿੰਗ ਅਤੇ ਮਨੋਰੰਜਨ ਖੇਡਾਂ ਸ਼ਾਮਲ ਕੀਤੀਆਂ ਗਈਆਂ ਸਨ | ਜਿਨ੍ਹਾਂ ਨੂੰ ਬੱਚਿਆਂ ਦੇ ਸਰਵਪੱਖੀ ਵਿਕਾਸ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤਾ ਗਿਆ ਸੀ | ਪ੍ਰੋਜੈਕਟ ਕੋਆਰਡੀਨੇਟਰ ਸੰਦੀਪ ਸਹਿਗਲ ਨੇ ਦੱਸਿਆ ਕਿ ਬੱਚੇ ਸਾਰੇ ਗਤੀਵਿਧੀਆਂ ਵਿਚ ਪੂਰੇ ਉਤਸ਼ਾਹ ਨਾਲ ਹਿੱਸਾ ਲੈ ਰਹੇ ਸਨ, ਜਿਨ੍ਹਾਂ ਲਈ 5 ਮਾਹਿਰ ਟਰੇਨਰਾਂ ਦਾ ਪ੍ਰਬੰਧ ਕੀਤਾ ਗਿਆ ਹੋਇਆ ਸੀ | ਕੈਂਪ ਦੌਰਾਨ ਰੋਜ਼ਾਨਾ ਬੱਚਿਆਂ ਨੂੰ ਰਿਫਰੈਸ਼ਮੈਂਟ ਵੀ ਪ੍ਰਦਾਨ ਕੀਤੀ ਗਈ, ਜਿਸ ਨਾਲ ਬੱਚਿਆਂ ਦਾ ਉਤਸ਼ਾਹ ਅਤੇ ਖ਼ੁਸ਼ੀ ਵਿਚ ਵਾਧਾ ਹੋਇਆ | ਜਿਸਦੀ ਮਾਪਿਆਂ ਅਤੇ ਸਥਾਨਕ ਭਾਈਚਾਰੇ ਦੁਆਰਾ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ ਗਈ | ਜ਼ਿਕਰਯੋਗ ਹੈ ਕਿ ਸੰਤੋਸ਼ ਸੇਵਾ ਕੁੰਜ ਮਯੰਕ ਫਾਊਾਡੇਸ਼ਨ ਦੁਆਰਾ ਚਲਾਇਆ ਜਾਣ ਵਾਲਾ ਇਕ ਸੇਵਾ ਕੇਂਦਰ ਹੈ, ਜੋ ਫ਼ਿਰੋਜ਼ਪੁਰ ਵਿਚ ਸਮਾਜ ਸੇਵਾ ਅਤੇ ਲੋਕ ਭਲਾਈ ਲਈ ਕੰਮ ਕਰ ਰਿਹਾ ਹੈ | ਇੱਥੇ ਹੁਨਰ ਵਿਕਾਸ, ਮਹਿਲਾ ਸਸ਼ਕਤੀਕਰਨ, ਬੱਚਿਆਂ ਲਈ ਵਿੱਦਿਅਕ ਅਤੇ ਰਚਨਾਤਮਿਕ ਪ੍ਰੋਗਰਾਮ ਨਿਯਮਿਤ ਤੌਰ 'ਤੇ ਆਯੋਜਿਤ ਕੀਤੇ ਜਾਂਦੇ ਹਨ |