ਫ਼ਾਜ਼ਿਲਕਾ, 16 ਅਕਤੂਬਰ (ਦਵਿੰਦਰ ਪਾਲ ਸਿੰਘ)- ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਐਮ.ਆਰ. ਸਰਕਾਰੀ ਕਾਲਜ ਫ਼ਾਜ਼ਿਲਕਾ ਦੀ ਕਾਲਜ ਕਮੇਟੀ ਦੀ ਚੋਣ ਕੀਤੀ ਗਈ | ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਨੂੰ ਸ਼ਹੀਦਾਂ ਦੀ ਵਿਚਾਰਧਾਰਾ ਤੋਂ ਪ੍ਰੇਰਨਾ ਲੈ ਕੇ ਸਿੱਖਿਆ ਤੇ ਸਿੱਖਿਆ ਸੰਸਥਾਵਾਂ ਬਚਾਉਣ ਲਈ ਸੰਘਰਸ਼ ਦਾ ਰਾਹ ਅਖ਼ਤਿਆਰ ਕਰਨ ਦਾ ਸੁਨੇਹਾ ਦਿੱਤਾ | ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਧੀਰਜ ਫ਼ਾਜ਼ਿਲਕਾ ਅਤੇ ਜ਼ਿਲ੍ਹਾ ਪ੍ਰਧਾਨ ਕਮਲਜੀਤ ਮੁਹਾਰ ਖੀਵਾ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਵਲੋਂ ਲਗਾਤਾਰ ਤਰ੍ਹਾਂ ਤਰ੍ਹਾਂ ਦੀਆਂ ਨੀਤੀਆਂ ਬਣਾ ਕੇ ਵਿਦਿਆਰਥੀਆਂ ਉੱਪਰ ਹਮਲੇ ਕੀਤੇ ਜਾ ਰਹੇ ਹਨ | ਇਸ ਦੇ ਤਹਿਤ ਹੀ ਨਵੀਂ ਸਿੱਖਿਆ ਨੀਤੀ 2020 ਨੂੰ ਲਾਗੂ ਕਰਕੇ ਸਿੱਖਿਆ ਨੂੰ ਕਾਰਪੋਰੇਟ ਘਰਾਨਿਆਂ ਦੇ ਹੱਥਾਂ ਵਿਚ ਸੌਂਪਣ ਦੀ ਤਿਆਰੀ ਹੈ ਤੇ ਵਿਦਿਆਰਥੀਆਂ ਦੇ ਸਿਲੇਬਸ ਨਾਲ ਵੀ ਲਗਾਤਾਰ ਛੇੜਛਾੜ ਕੀਤੀ ਜਾ ਰਹੀ ਹੈ | ਸ਼ਹੀਦਾਂ ਤੇ ਸਿੱਖ ਇਤਿਹਾਸ ਨੂੰ ਸਿਲੇਬਸਾਂ ਵਿਚੋਂ ਬਾਹਰ ਕੱਢ ਕੇ ਆਰ. ਐੱਸ. ਐੱਸ. ਦੇ ਹਿੰਦੂਤਵੀ ਏਜੰਡੇ ਅਤੇ ਮਿਥਿਹਾਸ ਨੂੰ ਜਬਰੀ ਸਿਲੇਬਸ ਵਿਚ ਥੋਪਿਆ ਜਾ ਰਿਹਾ ਹੈ | ਲਗਾਤਾਰ ਸਿੱਖਿਆ ਦਾ ਕੇਂਦਰੀਕਰਨ ਤੇ ਭਗਵਾਂਕਰਨ ਕੀਤਾ ਜਾ ਰਿਹਾ ਹੈ | ਜ਼ਿਲ੍ਹਾ ਸਕੱਤਰ ਮਮਤਾ ਲਾਧੂਕਾ ਤੇ ਜ਼ਿਲ੍ਹਾ ਆਗੂ ਆਦਿਤਿਆ ਫ਼ਾਜ਼ਿਲਕਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਜਥੇਬੰਦ ਹੋ ਕੇ ਆਪਣੇ ਸ਼ਹੀਦਾਂ ਦੀ ਵਿਰਾਸਤ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਤੇ ਸਰਕਾਰ ਦੀਆਂ ਮਾਰੂ ਨੀਤੀਆਂ ਖ਼ਿਲਾਫ਼ ਸੰਘਰਸ਼ ਵਿੱਢਣਾ ਚਾਹੀਦਾ ਹੈ | ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੀ ਐਮ.ਆਰ. ਸਰਕਾਰੀ ਕਾਲਜ ਦੀ 45 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿਚ ਦਿਲਕਰਨ ਰਤਨਪੁਰਾ ਨੂੰ ਕਾਲਜ ਕਮੇਟੀ ਦਾ ਪ੍ਰਧਾਨ, ਅਰਸ਼ਦੀਪ ਸਿੰਘ ਲਖੇ ਕੇ ਹਿਠਾੜ ਨੂੰ ਮੀਤ ਪ੍ਰਧਾਨ, ਪ੍ਰਵੀਨ ਕੌਰ ਨੂੰ ਸਕੱਤਰ, ਅਮਨਦੀਪ ਕੌਰ ਸਹਾਇਕ ਸਕੱਤਰ, ਸਾਜਨ ਸ਼ਮਸ਼ਾਬਾਦ ਪ੍ਰੈੱਸ ਸਕੱਤਰ, ਅਰਸ਼ਦੀਪ ਜੋਧਾ ਭੈਣੀ ਨੂੰ ਖਜ਼ਾਨਚੀ, ਗੁਰਪ੍ਰੀਤ ਬਾਹਮਣੀ ਸੋਸ਼ਲ ਮੀਡੀਆ ਵਰਕਰ ਤੇ ਬਾਕੀ ਮੈਂਬਰ ਵਜੋਂ ਚੁਣੇ ਗਏ |