ਫ਼ਿਰੋਜ਼ਪੁਰ, 16 ਅਕਤੂਬਰ(ਰਾਕੇਸ਼ ਚਾਵਲਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦਾ ਇਕ ਵਫ਼ਦ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਨੂੰ ਮਿਲਿਆ ਤੇ ਮੰਗ ਕੀਤੀ ਕਿ ਜਥੇਬੰਦੀ ਵਲੋਂ 9 ਪਿੰਡਾਂ ਦੀ ਤਕਰੀਬਨ 800 ਏਕੜ ਜ਼ਮੀਨ ਜੋ ਹੜ੍ਹਾਂ ਦੀ ਮਾਰ ਹੇਠ ਆਈ ਹੈ, ਵਿਚ ਕਣਕ ਬਿਜਾਉਣ ਦੀ ਜ਼ਿੰਮੇਵਾਰੀ ਜਥੇਬੰਦੀ ਨੇ ਲਈ ਹੈ | ਉਸ ਲਈ ਡੀ.ਏ.ਪੀ. ਅਤੇ ਕਣਕ ਦਾ ਬੀਜ ਮੁਹੱਈਆ ਕਰਵਾਇਆ ਜਾਵੇ | ਇੱਥੇ ਦੱਸਣਾ ਬਣਦਾ ਹੈ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜਦੋਂ ਤੋਂ ਲੈ ਕੇ ਹੜ੍ਹ ਆਏ ਹਨ ਫ਼ਿਰੋਜ਼ਪੁਰ, ਫ਼ਾਜ਼ਿਲਕਾ, ਕਪੂਰਥਲਾ ਇਨ੍ਹਾਂ ਤਿੰਨਾਂ ਜ਼ਿਲਿ੍ਹਆਂ ਦੇ ਵਿਚ ਜਥੇਬੰਦੀ ਵਲੋਂ ਸਮੇਂ-ਸਮੇਂ 'ਤੇ ਕਿਸਾਨਾਂ ਦੀਆਂ ਜ਼ਰੂਰਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਿੰਨੀ ਹੋ ਸਕੀ ਆਪਣੇ ਕਿਸਾਨਾਂ ਦੀ ਮਦਦ ਕੀਤੀ ਜਾਂਦੀ ਰਹੀ, ਜਿਵੇਂ ਕਿ ਤੂੜੀ, ਆਚਾਰ, ਰਾਸ਼ਨ ਫੀਡ, ਬਰਤਨ, ਲੀੜਾ ਕੱਪੜਾ ਇਹ ਸਾਰੀਆਂ ਚੀਜ਼ਾਂ ਲੋਕਾਂ ਦੇ ਸਹਿਯੋਗ ਨਾਲ ਹੜ੍ਹ ਪੀੜਤ ਇਲਾਕੇ ਵਿਚ ਪਹੁੰਚਾਉਂਦੀ ਰਹੀ ਅਤੇ ਹੁਣ ਜੋ 9 ਪਿੰਡਾਂ ਦੀ 800 ਏਕੜ ਕਣਕ ਬਿਜਾਉਣ ਦੀ ਜ਼ਿੰਮੇਵਾਰੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਲਈ ਸੀ, ਉਸ ਵਾਸਤੇ ਜੋ ਖਾਦ ਅਤੇ ਬੀਜ ਦੀ ਜ਼ਰੂਰਤ ਹੈ, ਉਸ ਜ਼ਰੂਰਤ ਨੂੰ ਪੂਰੇ ਕਰਾਉਣ ਵਾਸਤੇ ਇਹ ਵਫ਼ਦ ਨੇ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਨਾਲ ਗੱਲਬਾਤ ਕੀਤੀ | ਡਿਪਟੀ ਕਮਿਸ਼ਨਰ ਨੇ ਫ਼ੌਰਨ ਹੀ ਚੀਫ਼ ਐਗਰੀਕਲਚਰ ਨੂੰ ਹਦਾਇਤਾਂ ਦਿੱਤੀਆਂ ਕਿ ਜਥੇਬੰਦੀ ਨੂੰ ਲੋੜੀਂਦੀ ਖਾਦ ਤੇ ਬੀਜ ਮੁਹੱਈਆ ਕਰਵਾਇਆ ਜਾਵੇ, ਇਹ ਸਾਰੇ ਕਾਰਜ ਉੱਪਰ ਤਕਰੀਬਨ 50 ਲੱਖ ਰੁਪਏ ਦੀ ਲਾਗਤ ਆਏਗੀ, ਜੋ ਕੇ ਲੋਕਾਂ ਦੇ ਸਹਿਯੋਗ ਨਾਲ ਇਕੱਠਾ ਕੀਤਾ ਗਿਆ ਤੇ ਹੋਰ ਵੀ ਜ਼ਰੂਰਤ ਹੈ ਲੋਕਾਂ ਨੂੰ ਹੋਰ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ | ਇਸ ਮੌਕੇ ਸੂਬਾ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ, ਜ਼ਿਲ੍ਹਾ ਪ੍ਰਧਾਨ ਜਗੀਰ ਸਿੰਘ ਖਹਿਰਾ, ਜ਼ਿਲ੍ਹਾ ਜਰਨਲ ਸਕੱਤਰ ਗੁਲਜਾਰ ਸਿੰਘ ਕੱਬਰ ਵੱਛਾ, ਜ਼ਿਲ੍ਹਾ ਖ਼ਜ਼ਾਨਚੀ ਜਤਿੰਦਰ ਸਿੰਘ ਰਿੰਕੂ ਕੜਮਾ, ਜ਼ਿਲ੍ਹਾ ਪੈੱ੍ਰਸ ਸਕੱਤਰ ਲਖਵੀਰ ਸਿੰਘ ਬਰਾੜ, ਜ਼ਿਲ੍ਹਾ ਕਮੇਟੀ ਮੈਂਬਰ ਸ਼ਮਸ਼ੇਰ ਸਿੰਘ ਸ਼ਹਿਜ਼ਾਦੀ, ਬਲਾਕ ਮਮਦੋਟ ਪੈੱ੍ਰਸ ਸਕੱਤਰ ਸੋਨੂੰ ਉੱਪਲ, ਬੇਅੰਤ ਸਿੰਘ ਬਰਾੜ ਆਦਿ ਹਾਜ਼ਰ ਸਨ |