ਫ਼ਾਜ਼ਿਲਕਾ, 17 ਅਕਤੂਬਰ (ਦਵਿੰਦਰ ਪਾਲ ਸਿੰਘ)- ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਪ੍ਰਸ਼ਾਸਨ 'ਤੇ ਖੇਤੀਬਾੜੀ ਵਿਭਾਗ ਵਾਤਾਵਰਨ ਦੀ ਸਾਂਭ-ਸੰਭਾਲ ਰੱਖਣ ਲਈ ਲਗਾਤਾਰ ਕਿਸਾਨ ਵੀਰਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਬਾਰੇ ਪ੍ਰੇਰਿਤ ਕਰ ਰਿਹਾ ਹੈ | ਇਸ ਤੋਂ ਪ੍ਰਭਾਵਿਤ ਹੋ ਕੇ ਅਨੇਕਾਂ ਕਿਸਾਨ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦਿਆਂ ਪਰਾਲੀ ਨੂੰ ਅੱਗ ਨਹੀਂ ਲਗਾ ਰਹੇ | ਇਸੇ ਤਰ੍ਹਾਂ ਹੀ ਪਿੰਡ ਪੀਰੇ ਕੇ ਉਤਾੜ ਦਾ ਕਿਸਾਨ ਮੰਗਲ ਸਿੰਘ ਲਗਾਤਾਰ ਪਿਛਲੇ ਤਿੰਨ ਸਾਲ ਤੋਂ ਪਰਾਲੀ ਨੂੰ ਅੱਗ ਨਾ ਲਗਾ ਕੇ ਖੇਤ ਵਿਚ ਹੀ ਜਜ਼ਬ ਕਰ ਰਿਹਾ ਹੈ | ਉਹ ਆਖਦਾ ਹੈ ਕਿ ਖੇਤੀਬਾੜੀ ਵਿਭਾਗ ਵਲੋਂ ਸਬਸਿਡੀ 'ਤੇ ਮੁਹੱਈਆ ਕਰਵਾਏ ਖੇਤੀਬਾੜੀ ਸੰਦਾਂ ਰਾਹੀਂ ਉਹ ਪਰਾਲੀ ਨੂੰ ਜ਼ਮੀਨ ਵਿਚ ਵਾਹ ਕੇ ਫ਼ਸਲ ਦੀ ਬਿਜਾਈ ਕਰ ਰਿਹਾ ਹੈ ਜਿਸ ਨਾਲ ਜ਼ਰੂਰੀ ਖੁਰਾਕੀ ਤੱਤ ਨਸ਼ਟ ਨਹੀਂ ਹੁੰਦੇ ਤੇ ਫ਼ਸਲ ਦਾ ਝਾੜ ਵੀ ਜ਼ਿਆਦਾ ਨਿਕਲਦਾ ਹੈ | ਕਿਸਾਨ ਮੰਗਲ ਸਿੰਘ ਦੱਸਦਾ ਹੈ ਕਿ ਇਸ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਬਣੀ ਰਹਿੰਦੀ ਹੈ ਤੇ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਵਿਚ ਵੀ ਆਪਣਾ ਬਣਦਾ ਯੋਗਦਾਨ ਪਾ ਰਿਹਾ ਹੈ | ਉਹ ਹੋਰਨਾਂ ਕਿਸਾਨਾਂ ਲਈ ਜਿੱਥੇ ਪੇ੍ਰਰਨਾ ਸਰੋਤ ਬਣਿਆ ਹੈ ਉੱਥੇ ਕਿਸਾਨ ਵੀਰਾਂ ਨੂੰ ਪਰਾਲੀ ਨਾ ਸਾੜ ਕੇ ਇਸ ਦਾ ਸੁਯੋਗ ਪ੍ਰਬੰਧਨ ਕਰਨ ਬਾਰੇ ਜਾਗਰੂਕ ਕਰ ਰਿਹਾ ਹੈ | ਉਹ ਕਹਿੰਦਾ ਹੈ ਕਿ ਕਿਸਾਨ ਵੀਰਾਂ ਨੂੰ ਪਰਾਲੀ ਸਾੜਨ ਦੇ ਰੁਝਾਨ ਨੂੰ ਬੰਦ ਕਰਨਾ ਚਾਹੀਦਾ ਹੈ ਤੇ ਰਹਿੰਦ-ਖੰੂਹਦ ਨੂੰ ਨਾ ਸਾੜ ਕੇ ਆਪਣੇ ਆਲੇ-ਦੁਆਲੇ ਤੇ ਵਾਤਾਵਰਨ ਨੂੰ ਸ਼ੁੱਧ ਰੱਖਣ 'ਚ ਸਹਾਈ ਬਣਨਾ ਚਾਹੀਦਾ ਹੈ |