ਅਬੋਹਰ, 17 ਅਕਤੂਬਰ (ਤੇਜਿੰਦਰ ਸਿੰਘ ਖ਼ਾਲਸਾ) - ਸਥਾਨਕ ਸ਼੍ਰੀ ਗੰਗਾਨਗਰ ਰੋਡ ਸਥਿਤ ਦਿੱਲੀ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਇਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਜਾਣਕਾਰੀ ਅਨੁਸਾਰ ਪ੍ਰਾਇਮਰੀ ਸਕੂਲ ਖੇਡਾਂ ਪੰਜਾਬ ਤਹਿਤ ਅੰਡਰ 11 ਫੁੱਟਬਾਲ ਵਿਚ ਦਿੱਲੀ ਪਬਲਿਕ ਸਕੂਲ ਦੇ ਲੜਕੇ ਅਤੇ ਲੜਕੀਆਂ ਦੀਆਂ ਟੀਮਾਂ ਨੇ ਕਲਸਟਰ ਤੇ ਬਲਾਕ ਪੱਧਰ 'ਤੇ ਜੇਤੂ ਆਉਂਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ | ਜੇਤੂ ਹੋਣ ਉਪਰੰਤ ਦਿੱਲੀ ਪਬਲਿਕ ਸਕੂਲ ਦੀ ਫੁੱਟਬਾਲ ਟੀਮ ਹੁਣ ਜ਼ਿਲ੍ਹਾ ਪੱਧਰ ਦੇ ਮੁਕਾਬਲਿਆਂ 'ਚ ਭਾਗ ਲਵੇਗੀ ਜੋ ਕਿ ਫ਼ਾਜ਼ਿਲਕਾ ਜ਼ਿਲੇ੍ਹ ਦੇ ਪਿੰਡ ਅਮਰਪੁਰਾ ਵਿਖੇ ਹੋਣਗੇ | ਸਕੂਲ ਪਿ੍ੰਸੀਪਲ ਸ਼ਵੇਤਾ ਜਸੂਜਾ ਨੇ ਖਿਡਾਰੀਆਂ, ਕੋਚ, ਖੇਡ ਵਿਭਾਗ ਦੇ ਸਟਾਫ਼ ਸਣੇ ਖਿਡਾਰੀਆਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਦਿੱਲੀ ਪਬਲਿਕ ਸਕੂਲ ਦੇ ਵਿਦਿਆਰਥੀ ਨਾ ਸਿਰਫ਼ ਵਿੱਦਿਅਕ ਖੇਤਰ ਵਿਚ ਬਲਕਿ ਖੇਡਾਂ ਦੇ ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਸਕੂਲ ਹਮੇਸ਼ਾ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਦੇ ਲਈ ਯਤਨਸ਼ੀਲ ਹੈ ਅਤੇ ਅਜਿਹੇ ਮੰਚ ਦੇ ਰਾਹੀਂ ਬੱਚਿਆਂ ਵਿਚ ਅਨੁਸ਼ਾਸਨ, ਆਤਮ ਵਿਸ਼ਵਾਸ ਅਤੇ ਟੀਮ ਭਾਵਨਾ ਦਾ ਵਿਕਾਸ ਹੁੰਦਾ ਹੈ | ਉਨ੍ਹਾਂ ਸਮੂਹ ਖਿਡਾਰੀਆਂ ਨੂੰ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੇ ਲਈ ਸ਼ੁੱਭਕਾਮਨਾਵਾਂ ਦਿੰਦੇ ਹੋਏ ਭਵਿੱਖ ਵਿਚ ਹੋਰ ਚੰਗਾ ਕਰਨ ਲਈ ਪ੍ਰੇਰਿਤ ਕੀਤਾ |