ਅਬੋਹਰ, 17 ਅਕਤੂਬਰ (ਤੇਜਿੰਦਰ ਸਿੰਘ ਖ਼ਾਲਸਾ)- ਸਥਾਨਕ ਸੀਤੋ ਰੋਡ ਸਥਿਤ ਭਾਗ ਸਿੰਘ ਹੇਅਰ ਖ਼ਾਲਸਾ ਕਾਲਜ ਫ਼ਾਰ ਵਿਮੈਨ ਕਾਲਾ ਟਿੱਬਾ ਦੇ ਚੇਅਰਮੈਨ ਗੁਰਲਾਲ ਸਿੰਘ ਬਰਾੜ ਫ਼ੱਤਣਵਾਲਾ ਤੇ ਸਮੂਹ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਾਲਜ ਦੇ ਐਨ.ਐੱਸ.ਐੱਸ. ਵਿਭਾਗ ਵਲੋਂ 7 ਰੋਜ਼ਾ ਕੈਂਪ ਲਗਾਇਆ ਗਿਆ | ਕੈਂਪ ਦੇ ਆਖ਼ਰੀ ਦਿਨ ਸੁਰਿੰਦਰ ਸਿੰਘ ਇੰਚਾਰਜ ਟਰੈਫ਼ਿਕ ਪੁਲਿਸ ਅਬੋਹਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਕਾਲਜ ਪਿ੍ੰਸੀਪਲ ਡਾ.ਹਰਪ੍ਰੀਤ ਕੌਰ ਔਲਖ ਤੇ ਪ੍ਰੋਗਰਾਮ ਕੋਆਰਡੀਨੇਟਰ ਡਾ.ਵਰਿੰਦਰ ਕੌਰ ਭੁੱਲਰ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ | ਉਪਰੰਤ ਵਿਸ਼ੇਸ਼ ਮਹਿਮਾਨਾਂ ਨੇ ਵਲੰਟੀਅਰਜ਼ ਨਾਲ ਵਾਤਾਵਰਨ, ਸਮਾਜਿਕ ਬੁਰਾਈਆਂ ਤੇ ਖ਼ਾਸ ਤੌਰ 'ਤੇ ਟਰੈਫ਼ਿਕ ਨਿਯਮਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ | ਉਨ੍ਹਾਂ ਨੇ ਵਲੰਟੀਅਰਜ਼ ਨੂੰ ਸੜਕ ਸੁਰੱਖਿਆ ਸੰਬੰਧੀ ਬਣਾਏ ਗਏ ਨਿਯਮਾਂ ਨੂੰ ਆਪਣੇ ਰੋਜ਼ਾਨਾ ਜੀਵਨ ਵਿਚ ਅਪਣਾਉਣ ਦਾ ਸੰਦੇਸ਼ ਦਿੱਤਾ | ਇਸ ਪਿੱਛੋਂ ਵਲੰਟੀਅਰਜ਼ ਵਲੋਂ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਵੀ ਕੀਤੀ | ਕੈਂਪ ਦੇ ਅੰਤ 'ਚ ਵਲੰਟੀਅਰਜ਼ ਨੇ 7 ਰੋਜ਼ਾ ਕੈਂਪ ਦੌਰਾਨ ਪ੍ਰਾਪਤ ਕੀਤੇ ਅਨੁਭਵਾਂ ਨੂੰ ਪੇਸ਼ ਕਰਦਿਆਂ ਸਮਾਜ ਭਲਾਈ ਦੇ ਕੰਮਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਆਪਣੀ ਇੱਛਾ ਨੂੰ ਵੀ ਜ਼ਾਹਿਰ ਕੀਤਾ | ਪ੍ਰੋਗਰਾਮ ਅਫ਼ਸਰ ਡਾ.ਬਲਜੀਤ ਕੌਰ ਸਿੱਧੂ ਨੇ ਸੱਤ ਰੋਜ਼ਾ ਕੈਂਪ ਦੀਆਂ ਗਤੀਵਿਧੀਆਂ ਸੰਬੰਧੀ ਰਿਪੋਰਟ ਸਾਂਝੀ ਕੀਤੀ | ਪਿ੍ੰਸੀਪਲ ਡਾ.ਹਰਪ੍ਰੀਤ ਕੌਰ ਔਲਖ, ਪ੍ਰੋਗਰਾਮ ਅਫ਼ਸਰ ਡਾ.ਬਲਜੀਤ ਕੌਰ ਸਿੱਧੂ ਤੇ ਕੋਆਰਡੀਨੇਟਰ ਡਾ.ਵਰਿੰਦਰ ਕੌਰ ਭੁੱਲਰ ਨੇ ਵਿਸ਼ੇਸ਼ ਮਹਿਮਾਨ ਸੁਰਿੰਦਰ ਸਿੰਘ ਨੂੰ ਸਨਮਾਨ ਚਿੰਨ੍ਹ ਭੇਟ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ | ਅੰਤ 'ਚ ਪਿ੍ੰਸੀਪਲ ਡਾ.ਹਰਪ੍ਰੀਤ ਕੌਰ ਔਲਖ ਨੇ ਕੈਂਪ ਦੀ ਸਫਲਤਾ ਲਈ ਐਨ.ਐੱਸ.ਐੱਸ. ਇੰਚਾਰਜ ਨੂੰ ਵਧਾਈ ਦਿੱਤੀ |