ਬਠਿੰਡਾ, 15 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ): ਪੰਜਾਬੀ ਸਾਹਿੱਤ ਸਭਾ ਬਠਿੰਡਾ ਵਲੋਂ ਅੱਜ ਟੀਚਰਜ਼ ਹੋਮ ਬਠਿੰਡਾ ਵਿਖੇ ਪੰਜਾਬੀ ਦੇ ਬਹੁਪੱਖੀ ਲੇਖਕ ਬੂਟਾ ਸਿੰਘ ਚੌਹਾਨ ਵਲੋਂ ਪੰਜਾਬੀ ਵਿਚ ਸਭ ਤੋਂ ਵੱਧ ਪੜ੍ਹੇ ਜਾਣ ਵਾਲੇ ਨਾਵਲਕਾਰ ਬੂਟਾ ਸਿੰਘ ਸ਼ਾਦ ਦੇ ਜੀਵਨ ਦੀਆਂ ਵੱਖ-ਵੱਖ ਪਰਤਾਂ ਅਤੇ ਫਰੋਲਦੀ ਅਤੇ ਵੱਖ-ਵੱਖ ਪਹਿਲੂਆਂ 'ਤੇ ਚਾਨਣਾ ਪਾਉਂਦੀ ਸੰਪਾਦਿਤ ਪੁਸਤਕ 'ਮਲਵਈ ਦੁਰਗ ਬੂਟਾ ਸਿੰਘ ਸ਼ਾਦ' ਰਿਲੀਜ਼ ਕੀਤੀ ਗਈ | ਇਹ ਰਸਮ ਸਾਬਕਾ ਐੱਸ.ਡੀ.ਐਮ ਅਤੇ ਪੰਜਾਬੀ ਕਵੀ ਗੋਪਾਲ ਸਿੰਘ ਕੋਟਫੱਤਾ ਨੇ ਅਦਾ ਕੀਤੀ | ਉਨ੍ਹਾਂ ਦਾ ਸਾਥ ਨਾਵਲਕਾਰ ਜਸਪਾਲ ਮਾਨਖੇੜਾ, ਡਾ: ਇਕਬਾਲ ਸਿੰਘ ਸਕਰੌਦੀ, ਜਗਮੇਲ ਸਿੰਘ ਸਿੱਧੂ, ਖ਼ੁਸ਼ਵੰਤ ਬਰਗਾੜੀ, ਡਾ: ਗੁਰਦੇਵ ਸਿੰਘ ਖੋਖਰ, ਲਛਮਣ ਸਿੰਘ ਮਲੂਕਾ ਨੇ ਵੀ ਦਿੱਤਾ | ਇਸ ਮੌਕੇ ਬੋਲਦਿਆਂ ਚੌਹਾਨ ਨੇ ਕਿਹਾ ਕਿ ਬੂਟਾ ਸਿੰਘ ਸ਼ਾਦ ਬਾਰੇ ਉਨ੍ਹਾਂ ਦੇ ਜੀਵਨ ਬਾਰੇ ਕੋਈ ਪੁਸਤਕ ਉਪਲਬਧ ਨਹੀਂ ਸੀ | ਉਹ ਮੇਰੇ ਮਿੱਤਰ ਸਨ | ਮੈਂ ਇਹ ਘਾਟ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਹੈ | ਜਸਪਾਲ ਮਾਨਖੇੜਾ ਨੇ ਕਿਹਾ ਕਿ ਮੇਰਾ ਵੀ ਇਸ ਪੁਸਤਕ ਵਿਚ ਸ਼ਾਦ ਦੇ ਪਿੰਡ ਬਾਰੇ ਵਿਸਥਾਰਕ ਲੇਖ ਹੈ | ਮੈਂ ਇਹ ਦੱਸਣ ਦਾ ਯਤਨ ਕੀਤਾ ਹੈ ਕਿ ਉਹ ਦੇ ਪਿੰਡ ਦਾਨ ਸਿੰਘ ਵਾਲਾ ਦੀ ਨਵੀਂ ਪੀੜ੍ਹੀ ਸ਼ਾਦ ਬਾਰੇ ਕੀ ਮਹਿਸੂਸ ਕਰਦੀ ਹੈ | ਖ਼ੁਸ਼ਵੰਤ ਬਰਗਾੜੀ ਨੇ ਕਿਹਾ ਕਿ ਇਸ ਪੁਸਤਕ ਵਿਚ ਉਨ੍ਹਾਂ ਲੇਖਕਾਂ ਦੇ ਹੀ ਲੇਖ ਹਨ, ਜਿਹੜੇ ਜਿਉਂਦੇ ਜੀਅ ਉਨ੍ਹਾਂ ਨਾਲ ਵਿਚਰੇ | ਉਨ੍ਹਾਂ ਨਾਲ ਕੀਤੀਆਂ ਮੁਲਾਕਾਤਾਂ ਅਤੇ ਉਨ੍ਹਾਂ ਦੀਆਂ ਤਿੰਨ ਅਣਛਪੀਆਂ ਕਹਾਣੀਆਂ ਵੀ ਪੁਸਤਕ ਵਿਚ ਸ਼ਾਮਿਲ ਹਨ | ਗੋਪਾਲ ਸਿੰਘ ਕੋਟਫੱਤਾ ਨੇ ਕਿਹਾ ਕਿ ਚੌਹਾਨ ਨੇ ਸ਼ਾਦ ਤੋਂ ਪਹਿਲਾਂ ਰਾਮ ਸਰੂਪ ਅਣਖੀ ਬਾਰੇ ਵੀ 'ਮਾਲਵੇ ਦਾ ਸਾਗਵਾਨ ਰਾਮ ਸਰੂਪ ਅਣਖੀ' ਪੁਸਤਕ ਦਾ ਵੀ ਸੰਪਾਦਨ ਕੀਤਾ ਹੈ | ਇਸ ਮੌਕੇ ਸਭਾ ਗ਼ਜ਼ਲਕਾਰ ਰਣਬੀਰ ਰਾਣਾ, ਕਾਮਰੇਡ ਜਰਨੈਲ ਸਿੰਘ, ਹਰਬੰਸ ਲਾਲ ਗਰਗ ਤੋਂ ਇਲਾਵਾ ਸਭਾ ਦੇ ਦੋ ਦਰਜਨ ਦੇ ਕਰੀਬ ਮੈਂਬਰ ਅਤੇ ਲੇਖਕ ਹਾਜ਼ਰ ਸਨ |