ਬਠਿੰਡਾ, 17 ਜੂਨ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਤਨਖ਼ਾਹਾਂ ਦੇਣ ਵਿਚ ਦੇਰੀ ਦੇ ਚੱਲਦਿਆਂ ਪੀ.ਆਰ.ਟੀ.ਸੀ./ਪੰਜਾਬ ਰੋਡਵੇਜ਼/ਪਨਸਪ ਦੇ ਕੱਚੇ ਮੁਲਾਜ਼ਮ ਭੜਕ ਗਏ ਹਨ, ਜਿਨ੍ਹਾਂ ਨੇ ਅੱਜ 2 ਘੰਟਿਆਂ ਲਈ ਬਠਿੰਡਾ ਦਾ ਮੁੱਖ ਬੱਸ ਅੱਡਾ ਬੰਦ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ। ਮੁਲਾਜ਼ਮਾਂ ਨੇ ਦੋਸ਼ ਲਾਇਆ ਕਿ ਅੱਜ 17 ਜੂਨ ਹੋ ਚੁੱਕੀ ਹੈ ਅਤੇ ਮੁਲਾਜ਼ਮਾਂ ਦੀਆਂ ਅਜੇ ਤੱਕ ਤਨਖ਼ਾਹਾਂ ਨਹੀਂ ਪਾਈਆਂ ਗਈਆਂ, ਜਿਸ ਕਾਰਨ ਮਜਬੂਰੀ ਬੱਸ ਉਨ੍ਹਾਂ ਨੂੰ ਬੱਸ ਅੱਡਾ ਬੰਦ ਕਰਨਾ ਪਿਆ। ਉਨ੍ਹਾਂ ਚੇਤਾਵਨੀ ਦਿੱਤੀ ਹੈ ਕਿ ਜੇਕਰ 18 ਜੂਨ ਤੱਕ ਸਮੂਹ ਮੁਲਾਜ਼ਮਾਂ ਦੇ ਖਾਤਿਆਂ ਵਿਚ ਤਨਖ਼ਾਹਾਂ ਨਹੀਂ ਆਉਂਦੀਆਂ ਤਾਂ ਉਹ ਕੱਲ੍ਹ 19 ਜੂਨ ਨੂੰ ਸਾਰੇ ਡਿਪੂ ਬੰਦ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਪੰਜਾਬ ਰੋਡਵੇਜ਼/ ਪਨਬਸ/ ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ 25/11 ਬਠਿੰਡਾ ਦੇ ਪ੍ਰਧਾਨ ਰਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਸਰਕਾਰ ਬੁਰੀ ਤਰ੍ਹਾਂ ਫ਼ੇਲ੍ਹ ਹੋ ਚੁੱਕੀ ਹੈ ਅਤੇ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖ਼ਾਹਾਂ ਨਹੀਂ ਦਿੱਤੀਆਂ ਜਾ ਰਹੀਆਂ। ਸਰਕਾਰ ਵਲੋਂ ਕੋਈ ਨਵੀਂ ਬੱਸ ਨਹੀਂ ਪਾਈ ਜਾ ਰਹੀ, ਬੱਸਾਂ ਦੇ ਟਾਇਰ ਅਤੇ ਸਪੇਅਰ ਪਾਰਟ ਦਾ ਸਮਾਨ ਨਹੀਂ ਭੇਜਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਦਿਨ ਰਾਤ ਮਿਹਨਤ ਕਰਨ ਦੇ ਬਾਵਜੂਦ ਸਮੇਂ ਸਿਰ ਪੀ.ਆਰ.ਟੀ.ਸੀ ਦੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਹੁਣ ਤੱਕ ਖਾਤਿਆਂ ਵਿਚ ਨਹੀਂ ਪਾਈਆਂ ਗਈਆਂ, ਜੇ ਤਨਖ਼ਾਹ ਨਹੀਂ ਤਾਂ ਕੰਮ ਵੀ ਨਹੀਂ ਹੋਵੇਗਾ। ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਕੁਲਵੰਤ ਮਨੇਸ, ਡਿਪੂ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਕਮਾਲੂ ਅਤੇ ਹਰਬੰਸ ਸਿੰਘ ਭੋਲਾ, ਜਥੇਬੰਦੀ ਆਗੂ ਕੁਲਵਿੰਦਰ ਰੋਮਾਣਾ ਤੇ ਗੁਰਲਾਲ ਸਿੰਘ ਨੇ ਕਿਹਾ ਕਿ ਸਰਕਾਰ ਤੋਂ ਪੀ.ਆਰ.ਟੀ.ਸੀ ਨੇ 600 ਕਰੋੜ ਰੁਪਏ ਦਾ ਬਕਾਇਆ ਲੈਣਾ, ਉਸ ਪੈਸੇ ਦੇ ਵਿਚ ਸਰਕਾਰ ਜਾਣਬੁੱਝ ਕੇ ਅੜਿੱਕਾ ਪੈਦਾ ਕਰ ਰਹੀ। ਜਿਸ ਕਾਰਨ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿਚ ਦੇਰੀ ਹੋ ਰਹੀ। ਦੂਸਰੀ ਤਰਫ਼ ਧਰਨਾਕਾਰੀਆਂ ਵਲੋਂ ਬੱਸ ਅੱਡਾ ਬੰਦ ਕਰਨ ਕਾਰਨ ਜਿੱਥੇ ਪੀ.ਆਰ.ਟੀ.ਸੀ ਨੂੰ ਲੱਖਾਂ ਰੁਪਏ ਦਾ ਘਾਟਾ ਪਿਆ ਹੈ, ਉੱਥੇ ਦੂਰ ਦਰਾਂਡੇ ਜਾਣ ਵਾਲੀਆਂ ਸਵਾਰੀਆਂ ਨੂੰ ਵੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ।
ਮਾਮਲਾ ਤਨਖ਼ਾਹਾਂ ਨਾ ਦੇਣ ਦਾ-ਪੀ.ਆਰ.ਟੀ.ਸੀ. ਦੇ ਕੱਚੇ ਮੁਲਾਜ਼ਮਾਂ ਵਲੋਂ 2 ਘੰਟਿਆਂ ਲਈ 'ਮੁੱਖ ਬੱਸ ਅੱਡਾ' ਬੰਦ ਰੱਖ ਕੇ ਰੋਸ ਪ੍ਰਦਰਸ਼ਨ
ਅਜੀਤ ਡੈਸਕ
18-06-2025