ਨਥਾਣਾ, 21 ਜੂਨ (ਗੁਰਦਰਸ਼ਨ ਲੁੱਧੜ)- ਇਲਾਕੇ ਦੇ ਖੇਤਾਂ ਵਿੱਚ ਝੋਨੇ ਦੀ ਲਵਾਈ ਦਾ ਸੀਜ਼ਨ ਸ਼ੁਰੂ ਹੋਣ ਉਪਰੰਤ ਖੇਤਾਂ ਦੇ ਬਿਜਲੀ ਟਰਾਂਸਫ਼ਾਰਮਰਾਂ ਦੀਆਂ ਚੋਰੀਆਂ ਤੋਂ ਤਾਂ ਕੁਝ ਰਾਹਤ ਮਿਲੀ ਹੈ ਪਰ ਚੋਰਾਂ ਵੱਲੋਂ ਹੁਣ ਆਪਣੀ ਚੋਰੀ ਦੀ ਹਰਕਤ ਲਈ ਖੇਤਾਂ ਦੀਆਂ ਮੋਟਰਾਂ ਤੇ ਬੈਠੇ ਪਰਵਾਸੀ ਮਜ਼ਦੂਰਾਂ ਦੇ ਮੋਬਾਇਲ ਫੋਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ | ਬੀਤੀ ਰਾਤ ਦੌਰਾਨ ਵੱਖ ਵੱਖ ਥਾਵਾਂ 'ਤੇ ਕਈ ਖੇਤਾਂ ਵਿੱਚ ਪ੍ਰਵਾਸੀ ਮਜ਼ਦੂਰ ਜਦੋਂ ਰਾਤ ਸਮੇਂ ਥਕਾਵਟ ਕਾਰਨ ਗੂੜੀ ਨੀਂਦ ਸੌਂ ਰਹੇ ਸਨ ਤਾਂ ਉਨ੍ਹਾਂ ਦੇ ਮੋਬਾਈਲ ਫੋਨਾਂ ਨੂੰ ਚੋਰਾਂ ਵੱਲੋਂ ਚੋਰੀ ਕਰ ਲਿਆ ਗਿਆ | ਨਥਾਣਾ-ਭਗਤਾ ਮੁੱਖ ਸੜਕ ਤੇ ਲਾਗੇ ਪਿੰਡ ਕਲਿਆਣ ਦੇ ਖੇਤਾਂ ਵਿੱਚ ਸਾਬਕਾ ਬਲਾਕ ਸੰਮਤੀ ਚੇਅਰਮੈਨ ਹਰਮੀਤ ਸਿੰਘ ਬਾਹੀਆ ਦੀ ਖੇਤ ਵਾਲੀ ਮੋਟਰ ਤੋਂ ਪ੍ਰਵਾਸੀ ਮਜ਼ਦੂਰਾਂ ਦੇ 9 ਮੋਬਾਇਲ ਫੋਨ ਇੱਕੋ ਸਮੇਂ ਚੋਰੀ ਕੀਤੇ ਗਏ | ਇਸੇ ਸੜਕ ਲਾਗੇ ਸਥਿਤ ਇਕ ਟਾਈਲ ਫ਼ੈਕਟਰੀ 'ਤੇ ਕੰਮ ਕਰਨ ਵਾਲੇ ਪੰਜ ਮਜ਼ਦੂਰਾਂ ਦੇ ਪੰਜ ਮੋਬਾਇਲ ਫੋਨ ਵੀ ਉਸੇ ਰਾਤ ਚੋਰੀ ਹੋਏ | ਇਸ ਤੋਂ ਇਲਾਵਾ ਪਿੰਡ ਨਾਥਪੁਰਾ ਅਤੇ ਕੁਝ ਹੋਰ ਪਿੰਡਾਂ ਦੀਆਂ ਖੇਤੀ ਮੋਟਰਾਂ ਤੋਂ ਵੀ ਮੋਬਾਇਲ ਫੋਨ ਚੋਰੀ ਹੋਣ ਦੀਆਂ ਖ਼ਬਰਾਂ ਮਿਲ ਰਹੀਆਂ ਹਨ | ਪ੍ਰਵਾਸੀ ਮਜ਼ਦੂਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੁਖੀ ਮਨ ਨਾਲ ਦੱਸਿਆ ਕਿ ਉਹ ਆਪਣੀ ਰੋਟੀ ਰੋਜੀ ਲਈ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਖ਼ਤ ਮਿਹਨਤ ਕਰਦੇ ਹਨ ਪਰ ਉਨ੍ਹਾਂ ਦੀ ਥਕਾਵਟ ਭਰੀ ਨੀਂਦ ਦਾ ਫ਼ਾਇਦਾ ਉਠਾ ਕੇ ਚੋਰਾਂ ਵੱਲੋਂ ਉਨ੍ਹਾਂ ਦੇ ਮੋਬਾਈਲ ਫੋਨ ਚੋਰੀ ਕੀਤੇ ਗਏ ਹਨ | ਕਿਸਾਨਾਂ ਅਤੇ ਪਰਵਾਸੀ ਮਜ਼ਦੂਰਾਂ ਦੀ ਪੁਲਿਸ ਪ੍ਰਸ਼ਾਸਨ ਤੋਂ ਮੰਗ ਹੈ ਕਿ ਖੇਤਾਂ ਵਿੱਚ ਹੁੰਦੀਆਂ ਚੋਰੀ ਦੀਆਂ ਅਜਿਹੀਆਂ ਵਾਰਦਾਤਾਂ ਨੂੰ ਸਖ਼ਤੀ ਨਾਲ ਠੱਲ੍ਹ ਪਾਈ ਜਾਵੇ |