19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਨਵੀਂ ਪੀੜ੍ਹੀ ਲਈ ਪ੍ਰੇਰਨਾ ਸਰੋਤ ਹੈ 107 ਵਰਿ੍ਹਆਂ ਦੀ ਮਾਤਾ ਜਗੀਰ ਕੌਰ

ਅਜੀਤ ਡੈਸਕ 22-06-2025
ਕੋਟ ਈਸੇ ਖਾਂ, 21 ਜੂਨ (ਗੁਰਮੀਤ ਸਿੰਘ ਖਾਲਸਾ)-ਅੱਜ ਦੇ ਸਮੇਂ ਦੀ ਭੱਜ ਦੌੜ ਵਿਚ ਲੋਕਾਂ ਦਾ ਰਹਿਣ ਸਹਿਣ, ਖਾਣ ਪੀਣ ਤੋਂ ਲੈ ਕੇ ਸਮੁੱਚਾ ਜੀਵਨ ਜਿੱਥੇ ਕਾਫੀ ਬਦਲਿਆ ਹੈ ਉੱਥੇ ਹੀ ਕੁਦਰਤ ਵਲੋਂ ਸਾਜੇ ਵਾਤਾਵਰਨ, ਪਣਪਦੀ ਬਨਸਪਤੀ, ਹਵਾ, ਪਾਣੀ ਵਿਚ ਵੀ ਜਾਣੇ ਅਨਜਾਣੇ ਕਈ ਤਰ੍ਹਾਂ ਦੀਆਂ ਦਖਲ ਅੰਦਾਜ਼ੀਆਂ ਕਰਕੇ ਮਨੁੱਖੀ ਜੀਵਨ ਤੰਦਰੁਸਤੀ ਪੱਖੋਂ ਵੀ ਕਮਜ਼ੋਰ ਪਿਆ ਹੈ ਤੇ ਆਮ ਇਨਸਾਨ ਦੀ ਉਮਰ ਔਸਤਨ 70-75 ਸਾਲ ਦੇ ਕਰੀਬ ਰਹਿ ਗਈ ਹੈ | ਅਜਿਹੇ ਦੇ ਵਿਚ ਅਜੇ ਵੀ ਕਈ ਪੁਰਾਣੇ ਬਜ਼ੁਰਗ ਜੋ ਪੁਰਾਣੇ ਤੌਰ ਤਰੀਕੇ, ਰਹਿਣ ਸਹਿਣ ਤੇ ਖਾਧੀਆਂ ਖੁਰਾਕਾਂ ਸਦਕਾ ਲਮੇਰੀ ਉਮਰ ਦਾ ਅਨੰਦ ਮਾਣ ਰਹੇ ਹਨ | ਇਨ੍ਹਾਂ ਵਿਚੋਂ ਪਿੰਡ ਰਾਈਆ ਤਹਿ: ਰਾਮਪੁਰਾ ਫੂਲ ਜ਼ਿਲ੍ਹਾ ਬਠਿੰਡਾ ਦੀ ਵਸਨੀਕ 107 ਵਰਿ੍ਹਆਂ ਦੀ ਮਾਤਾ ਜਗੀਰ ਕੌਰ ਪਤਨੀ ਸਵ: ਅਮਰ ਸਿੰਘ ਜੋ ਅੱਜ ਦੀ ਨਵੀਂ ਪੀੜੀ ਲਈ ਪ੍ਰੇਰਨਾ ਸਰੋਤ ਵੀ ਹੈ | 'ਅਜੀਤ' ਦੇ ਪੁਰਾਣੇ ਪਾਠਕ ਤੇ ਸਮਾਜ ਸੇਵੀ ਡਾ. ਜਸਪਾਲ ਸਿੰਘ ਸੰਧੂ ਜੋ ਆਪਣੇ ਪੁਰਾਣੇ ਪਿੰਡ ਨੈਣੇਵਾਲ ਜ਼ਿਲ੍ਹਾ ਬਰਨਾਲਾ ਤੋਂ ਉੱਠ ਕੇ ਕਰੀਬ 30 ਸਾਲ ਤੋਂ ਮੋਗਾ ਦੇ ਸ਼ਹਿਰ ਕੋਟ ਈਸੇ ਖਾਂ ਵਿਚ ਪਰਿਵਾਰ ਸਮੇਤ ਵਸੇ ਹੋਏ ਹਨ | ਉਨ੍ਹਾਂ ਵਲੋਂ ਆਪਣੀ ਕਰੀਬੀ ਰਿਸ਼ਤੇਦਾਰੀ ਵਿਚੋਂ ਪਿੰਡ ਰਾਈਆ ਜ਼ਿਲ੍ਹਾ ਬਠਿੰਡਾ ਦੀ ਵਸਨੀਕ ਮਾਤਾ ਜਗੀਰ ਕੌਰ ਨਾਲ ਮੁਲਾਕਾਤ ਕਰਵਾਈ ਗਈ | ਮਾਤਾ ਦੀ ਫੁਲਵਾੜੀ ਵਿਚ ਤਿੰਨ ਬੇਟੇ, ਦੋ ਕੁੜੀਆਂ, ਸੱਤ ਪੋਤੀਆਂ, ਚਾਰ ਪੋਤੇ, ਪੰਜ ਪੜਪੋਤੇ, ਤਿੰਨ ਪੜਪੋਤੀਆਂ ਸਮੇਤ ਵੱਡਾ ਪਰਿਵਾਰ ਹੈ | ਹੋਈਆਂ ਗੱਲਾਂ ਬਾਤਾਂ ਵਿਚ ਮਾਤਾ ਜਗੀਰ ਕੌਰ ਨੇ ਦੱਸਿਆ ਕਿ ਬੀਕਾਨੇਰ, ਰਾਜਸਥਾਨ ਦੇ ਪਿੰਡ ਖਿਲਰੀਆ ਵਿਚ ਉਨ੍ਹਾਂ ਦਾ ਜਨਮ ਹੋਇਆ ਤੇ ਜਵਾਨ ਹੁੰਦਿਆਂ ਹੀ ਆਪਣੇ ਚਾਰ ਭਾਈਆਂ ਤੇ ਤਿੰਨ ਭੈਣਾਂ ਸਮੇਤ ਘਰੇਲੂ ਅਤੇ ਖੇਤੀਬਾੜੀ ਦੇ ਹਰ ਕੰਮ ਵਿਚ ਹੱਡ ਭੰਨਵੀਂ ਮਿਹਨਤ ਕੀਤੀ ਤੇ ਮਾਪਿਆਂ ਵਲੋਂ ਉਨ੍ਹਾਂ ਦਾ ਵਿਆਹ ਪਿੰਡ ਰਾਈਆ (ਜ਼ਿਲ੍ਹਾ ਬਠਿੰਡਾ) ਵਿਖੇ ਅਮਰ ਸਿੰਘ ਨਾਲ ਕੀਤਾ ਗਿਆ | ਉਨ੍ਹਾਂ ਦੱਸਿਆ ਕਿ 1947 ਦੀ ਭਾਰਤ-ਪਾਕਿ ਵੰਡ ਸਮੇਂ ਉਹ ਕਰੀਬ 28-29 ਵਰਿ੍ਹਆਂ ਦੇ ਸਨ ਤੇ ਵੰਡ ਸਮੇਂ ਦੇ ਹਾਲਾਤ ਤੇ ਮਾੜਾ ਸਮਾਂ ਉਨ੍ਹਾਂ ਨੇ ਅੱਖੀਂ ਦੇਖਿਆ | ਉਨ੍ਹਾਂ ਕਿਹਾ ਕਿ ਇੱਥੇ ਸਹੁਰੇ ਪਰਿਵਾਰ ਵਿਚ ਤੜਕਸਾਰ ਉੱਠ ਕੇ ਇਸ਼ਨਾਨ ਕਰਕੇ ਪ੍ਰਮਾਤਮਾ ਨੂੰ ਯਾਦ ਕਰਨਾ, ਹੱਥੀਂ ਤਿਆਰ ਕੀਤੀ ਖੁਰਾਕ ਖਾਣੀ ਤੇ ਘਰੇਲੂ ਕੰਮਾਂ ਤੋਂ ਇਲਾਵਾ ਖੇਤੀਬਾੜੀ ਵਿਚ ਹੱਥ ਵਟਾਉਣੇ ਉਨ੍ਹਾਂ ਦੇ ਨੇਮ ਰਹੇ ਅਤੇ ਹੁਣ ਵਡੇਰੀ ਉਮਰ ਹੋਣ ਦੇ ਬਾਵਜੂਦ ਵੀ ਵਾਹਿਗੁਰੂ ਜੀ ਦੀ ਮਿਹਰ ਨਾਲ 4 ਵਜੇ ਤੜਕਸਾਰ ਉਨ੍ਹਾਂ ਦੀ ਅੱਖ ਖੁੱਲ੍ਹ ਜਾਂਦੀ ਹੈ | ਮਾਤਾ ਜੀ ਦੇ ਪੁੱਤ-ਨੂੰਹਾਂ ਜੋ ਖੁਦ ਵਡੇਰੀ ਉਮਰ ਦੇ ਹਨ ਨੇ ਦੱਸਿਆ ਕਿ ਉਮਰ ਦੇ ਇਸ ਪੜਾਅ ਵਿਚ ਵੀ ਮਾਤਾ ਜੀ ਆਪਣੇ ਹਰ ਰਿਸ਼ਤੇਦਾਰਾਂ ਵਿਚ ਛੋਟੇ ਵੱਡੇ ਦੀ ਪੂਰੀ ਪਹਿਚਾਣ ਰੱਖਦੇ ਹਨ ਤੇ ਸੋਟੀ ਸਹਾਰੇ ਚੱਲ ਫਿਰ ਸਕਦੇ ਹਨ | ਮਾਤਾ ਜੀ ਨੇ ਆਪਣੀ ਫੁਲਵਾੜੀ ਵਿਚੋਂ ਕੁਝ ਦਾ ਸੰਸਾਰ ਵਿਚੋਂ ਚਲੇ ਜਾਣ ਦਾ ਦੁੱਖ ਵੀ ਹੰਢਾਇਆ ਪਰ ਫਿਰ ਵੀ ਪੂਰੀ ਜ਼ਿੰਮੇਵਾਰੀ ਨਾਲ ਵੱਡੇ ਪਰਿਵਾਰ ਦਾ ਪਾਲਨ ਪੋਸ਼ਣ ਕੀਤਾ ਤੇ ਅੱਜ ਸਾਰਾ ਪਰਿਵਾਰ ਮਾਤਾ ਜੀ ਦੀ ਛਤਰ ਛਾਇਆ ਹੇਠ ਸੁਖੀ-ਸੁਖੀ ਵੱਸ ਰਿਹਾ ਹੈ | ਇਸ ਮੌਕੇ ਸਮਾਜ ਸੇਵੀ ਡਾ. ਜਸਪਾਲ ਸਿੰਘ ਸੰਧੂ ਨੇ ਕਿਹਾ ਕਿ ਮਾਤਾ ਜਗੀਰ ਕੌਰ ਦੇ ਜੀਵਨ ਤੋਂ ਇਹੀ ਸਿੱਖਿਆ ਮਿਲਦੀ ਹੈ ਕਿ ਸ਼ਾਂਤ ਮਨ, ਮਿਹਨਤ, ਘਰ ਦੀ ਰਸੋਈ ਰਾਹੀਂ ਸਹੀ ਖਾਣ ਪੀਣ ਤੇ ਵਾਤਾਵਰਨ ਦੀ ਚੰਗੀ ਸੰਭਾਲ ਹੋਵੇ ਤਾਂ ਅਗਲੇਰੀ ਪੀੜੀ ਵੀ ਲੰਮੀ ਉਮਰ ਤੇ ਤੰਦਰੁਸਤ ਭਰੇ ਜੀਵਨ ਦਾ ਵਧੀਆ ਅਨੰਦ ਮਾਣ ਸਕਦੀ ਹੈ |
ਪਿਛਲੀ ਖ਼ਬਰ ਭਾਈ ਬਖਤੌਰ ਕੋਲੋਂ ਗਲੀ ਸੜੀ ਲਾਸ਼ ਮਿਲੀ ਅਗਲੀ ਖ਼ਬਰ ਅਕਾਲੀ ਦਲ 'ਚ ਘਰ ਵਾਪਸੀ ਕਰ ਚੁੱਕੇ ਸਿਕੰਦਰ ਸਿੰਘ ਮਲੂਕਾ ਤਖ਼ਤ ਸ੍ਰੀ ਦਮਦਮਾ ਸਾਹਿਬ ਹੋਏ ਨਤਮਸਤਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।