ਰਾਮਾਂ ਮੰਡੀ, 21 ਜੂਨ (ਤਰਸੇਮ ਸਿੰਗਲਾ)-ਪੰਜ ਵਿਅਕਤੀਆਂ ਵਲੋਂ ਟਰੈਕਟਰ ਨਾਲ ਪਿੰਡ ਜੱਜਲ ਵਿਖੇ ਮੇਨ ਰੋਡ 'ਤੇ ਪਈ ਇਕ ਵਿਅਕਤੀ ਦੀ 16 ਕਨਾਲ 16 ਮਰਲੇ ਜ਼ਮੀਨ ਧੱਕੇ ਨਾਲ ਵਾਹੁਣ ਅਤੇ ਪੀੜ੍ਹਤ ਵਲੋਂ ਰੋਕਣ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ਾਂ ਹੇਠ ਰਾਮਾਂ ਪੁਲਿਸ ਵਲੋਂ ਉਕਤ ਪੰਜ ਵਿਅਕਤੀਆਂ ਵਿਰੁੱਧ ਅਧੀਨ ਧਾਰਾ 329 (3), 62, 351, (2), 190, 191 (3) ਬੀ ਐਨ ਐਸ ਐਕਟ ਅਧੀਨ ਮਾਮਲਾ ਦਰਜ ਕੀਤੇ ਜਾਣ ਦਾ ਸਮਾਚਾਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪੀੜ੍ਹਤ ਵੇਦ ਪ੍ਰਕਾਸ਼ ਪੁੱਤਰ ਖੇਮ ਚੰਦ ਵਾਸੀ ਰਾਮਾਂ ਮੰਡੀ ਨੇ ਰਾਮਾਂ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਮਿਤੀ 30-5-2025 ਨੂੰ ਮਲਕੀਤ ਸਿੰਘ, ਨਿਹਾਲ ਸਿੰਘ ਵਾਸੀਆਨ ਜੱਜਲ, ਸੁਖਜਿੰਦਰ ਸਿੰਘ, ਚਮਕੌਰ ਸਿੰਘ, ਸ਼ੰਕਰ ਦਾਸ ਵਾਸੀਆਨ ਬੋੜਾਵਾਲ ਜ਼ਿਲ੍ਹਾ ਮਾਨਸਾ ਨੇ ਮਿਲਕੇ ਟਰੈਕਟਰ ਨਾਲ ਉਸ ਦੀ 16 ਕਨਾਲਾਂ 16 ਮਰਲੇ ਜੋ ਪਿੰਡ ਜੱਜਲ ਵਿਖੇ ਮੇਨ ਰੋਡ ਤਲਵੰਡੀ ਤੋਂ ਰਾਮਾਂ ਰੋਡ 'ਤੇ ਪਈ ਹੈ ਨੂੰ ਧੱਕੇ ਨਾਲ ਵਾਹ ਦਿੱਤੀ ਅਤੇ ਉਸ ਵਲੋਂ ਰੋਕਣ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ | ਮਾਮਲੇ ਦੀ ਜਾਂਚ ਕਰ ਰਹੇ ਏ ਐਸ ਆਈ ਗਿਆਨ ਚੰਦ ਨੇ ਦੱਸਿਆ ਕਿ ਉਕਤ ਦੋਸ਼ੀਆਂ ਵਿਰੁੱਧ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਿਸ ਵਲੋਂ ਉਨ੍ਹਾਂ ਦੀ ਭਾਲ ਜਾਰੀ ਹੈ |