ਮਹਿਮਾ ਸਰਜਾ, 21 ਜੂਨ (ਬਲਦੇਵ ਸੰਧੂ)-ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਮਾ ਸਰਜਾ ਵਿਖੇ ਐੱਸ. ਬੀ. ਆਈ. ਬੈਂਕ ਦੀ ਬ੍ਰਾਂਚ ਸਥਿਤ ਬੈਂਕ ਦੀ ਏ ਟੀ ਐਮ ਮਸ਼ੀਨ ਨੂੰ ਚੋਰਾਂ ਵਲੋਂ ਭੰਨਤੋੜ ਕਰਕੇ ਨਕਦੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ | ਇਹ ਘਟਨਾ ਬੀਤੀ ਸ਼ੁੱਕਰਵਾਰ-ਸ਼ਨੀਵਾਰ ਦੀ ਦਰਮਿਆਨੀ ਰਾਤ ਕਰੀਬ 1:30 ਵਜੇ ਵਾਪਰੀ | ਹਾਲਾਂਕਿ ਚੋਰ ਏ ਟੀ ਐਮ ਮਸ਼ੀਨ ਨੂੰ ਨੁਕਸਾਨ ਪਹੁੰਚਾਉਣ 'ਚ ਕਾਮਯਾਬ ਰਹੇ, ਪਰ ਸਾਇਰਨ ਵੱਜਣ ਅਤੇ ਸੁਰੱਖਿਆ ਪ੍ਰਣਾਲੀ ਚਾਲੂ ਹੋਣ ਕਾਰਨ ਨਕਦੀ ਚੋਰੀ ਕਰਨ ਵਿਚ ਅਸਫ਼ਲ ਰਹੇ | ਇਸ ਬਾਰੇ ਪੁਸ਼ਟੀ ਕਰਦੇ ਹੋਏ ਐੱਸ. ਬੀ. ਆਈ. ਮਹਿਮਾ ਸਰਜਾ ਦੇ ਬ੍ਰਾਂਚ ਦੇ ਮੈਨੇਜਰ ਸੰਜੀਵ ਕੁਮਾਰ ਨੇ ਦੱਸਿਆ ਕਿ ਚੋਰਾਂ ਨੇ ਪਹਿਲਾਂ ਬਾਹਰੀ ਸੀ. ਸੀ. ਟੀ. ਵੀ. ਕੈਮਰਿਆਂ ਨਾਲ ਛੇੜਛਾੜ ਕੀਤੀ | ਉਸ ਤੋਂ ਬਾਅਦ ਏ.ਟੀ.ਐਮ. ਕੈਬਿਨ ਵਿਚ ਦਾਖ਼ਲ ਹੋਏ ਅਤੇ ਅੰਦਰਲੇ ਕੈਮਰਿਆਂ ਨੂੰ ਉਪਰ ਵੱਲ ਕਰ ਦਿੱਤਾ | ਏ.ਟੀ.ਐਮ. ਅੰਦਰ ਹੋਈ ਹਿੱਲਜੁਲ ਦਾ ਪਤਾ ਲੱਗਣ 'ਤੇ ਮੁੰਬਈ ਸਥਿਤ ਕੰਟਰੋਲ ਰੂਮ ਵਲੋਂ ਤੁਰੰਤ ਐੱਸ.ਐੱਸ.ਪੀ. ਬਠਿੰਡਾ ਨੂੰ ਸੂਚਿਤ ਕੀਤਾ ਗਿਆ | ਜਿਸ ਦੀ ਸੂਚਨਾ ਮਿਲਦੇ ਹੀ ਥਾਣਾ ਨੇਹੀਂਆਂ ਵਾਲਾ ਦੇ ਇੰਚਾਰਜ ਅਮਰਿੰਦਰ ਸਿੰਘ ਅਤੇ ਚੌਕੀ ਕਿਲੀ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਗੁਰਦੀਪ ਸਿੰਘ ਮੌਕੇ 'ਤੇ ਪਹੁੰਚੇ | ਚੌਕੀ ਇੰਚਾਰਜ ਨੇ ਦੱਸਿਆ ਕਰਮਚਾਰੀ ਸ਼ਾਮ ਦੇ ਸਮੇਂ ਏ.ਟੀ.ਐਮ. ਨੂੰ ਜਿੰਦਰਾ ਲਾਉਣਾ ਭੁੱਲ ਗਏ | ਮੌਕੇ ਦਾ ਫ਼ਾਇਦਾ ਚੁੱਕਦੇ ਹੋਏ ਚੋਰਾਂ ਦੇ ਗਿਰੋਹ ਵਲੋਂ ਇੱਟਾਂ ਨਾਲ ਮਸ਼ੀਨ ਨੂੰ ਨੁਕਸਾਨ ਪਹੁੰਚਾਇਆ | ਪੁਲਿਸ ਮੁਤਾਬਿਕ, ਚੋਰਾਂ ਨੂੰ ਪਿੰਡ ਦੇ ਲੋਕਾਂ ਵਲੋਂ ਫੜ੍ਹਨ ਦੀ ਕੋਸ਼ਿਸ਼ ਵੀ ਕੀਤੀ ਗਈ, ਪਰ ਉਹ ਆਪਣੇ ਮੋਟਰ ਸਾਈਕਲ 'ਤੇ ਫ਼ਰਾਰ ਹੋ ਗਏ | ਮੌਕੇ 'ਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸੀ ਸੀ ਟੀ ਵੀ ਫੁਟੇਜ਼ ਦੀ ਵੀ ਜਾਂਚ ਕੀਤੀ ਜਾ ਰਹੀ ਹੈ | ਚੋਰਾਂ ਦੀ ਪਛਾਣ ਅਤੇ ਗਿ੍ਫ਼ਤਾਰੀ ਲਈ ਕੋਸ਼ਿਸ਼ਾਂ ਜਾਰੀ ਹਨ |