ਬਠਿੰਡਾ, 23 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸੀ.ਆਈ.ਏ.-2 ਦੀ ਟੀਮ ਨੇ ਇਕ ਕਾਰ ਸਵਾਰ ਨੂੰ 36 ਕਿੱਲੋ ਭੁੱਕੀ ਸਮੇਤ ਗਿ੍ਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਇਸ ਸੰਬੰਧੀ ਸੰਦੀਪ ਸਿੰਘ ਡੀਐਸਪੀ (ਡੀ) ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸੀਆਈਏ-2 ਦੇ ਸਹਾਇਕ ਥਾਣੇਦਾਰ ਕਮਲਜੋਤ ਸਿੰਘ ਸਮੇਤ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਪਿੰਡ ਜੀਦਾ ਕੋਲ ਇਕ ਯੂ.ਪੀ. ਨੰਬਰ ਹਾਂਡਾ ਇਮੇਜ਼ ਕਾਰ ਨੂੰ ਰੋਕਿਆ, ਜਿਸ ਦੇ ਚਾਲਕ ਨੇ ਪੁੱਛ-ਗਿੱਛ ਦੌਰਾਨ ਆਪਣਾ ਨਾਮ ਸੁਖਦੇਵ ਸਿੰਘ ਦੱਸਿਆ, ਜੋ ਕਿ ਪਿੰਡ ਕੋਠਾ ਗੁਰੂ ਦਾ ਰਹਿਣ ਵਾਲਾ ਹੈ | ਪੁਲਿਸ ਨੇ ਸ਼ੱਕ ਦੇ ਅਧਾਰ 'ਤੇ ਕਾਰ ਦੀ ਤਲਾਸ਼ੀ ਕੀਤੀ ਤਾਂ ਕਾਰ ਵਿਚੋਂ ਭੁੱਕੀ ਡੋਡੇ ਪੋਸਤ ਬਰਾਮਦ ਹੋਇਆ, ਜਿਸ ਦਾ ਵਜ਼ਨ ਕਰਨ 'ਤੇ 36 ਕਿੱਲੋ ਪਾਇਆ ਗਿਆ | ਮੌਕੇ ਉਪਰ ਸੁਖਦੇਵ ਸਿੰਘ ਨੂੰ ਕਾਰ ਸਮੇਤ ਹਿਰਾਸਤ ਵਿਚ ਲੈਣ ਮਗਰੋਂ ਥਾਣਾ ਨੇਂਹੀਆਂ ਵਾਲਾ ਵਿਖੇ ਉਸ ਦੇ ਵਿਰੁੱਧ ਧਾਰਾ 15ਬੀ, 61,85 ਐਨ.ਡੀ.ਪੀ.ਐਸ. ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ | ਉਨ੍ਹਾਂ ਦੱਸਿਆ ਕਿ ਸੁਖਦੇਵ ਸਿੰਘ 'ਤੇ ਪਹਿਲਾਂ ਵੀ ਨਸ਼ਾ ਰੋਕੂ ਐਕਟ ਦੇ ਦੋ ਮੁਕੱਦਮੇ ਦਰਜ ਹਨ | ਜਿਸ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਉਸ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ | ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਹ ਇਹ ਭੁੱਕੀ ਕਿਥੋਂ ਲੈ ਕੇ ਆਇਆ ਅਤੇ ਉਸ ਨੇ ਕਿਥੇ ਕਿਥੇ ਭੁੱਕੀ ਸਪਲਾਈ ਕਰਨੀ ਸੀ |