ਬਠਿੰਡਾ, 5 ਨਵੰਬਰ (ਪੱਤਰ ਪ੍ਰੇਰਕ)-ਬਠਿੰਡਾ ਦਿਹਾਤੀ ਹਲਕੇ ਦੇ ਪਿੰਡ ਕੋਟਸਮੀਰ ਵਿਚ ਖੰਬੇ ਲਗਾਉਣ ਦੇ ਕੰਮ ਨੂੰ ਲੈ ਕੇ 3 ਕਰੋੜ 90 ਲੱਖ ਤੋਂ ਵੱਧ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ | ਜਿਸ ਸੰਬੰਧੀ ਥਾਣਾ ਸਦਰ ਬਠਿੰਡਾ ਦੀ ਪੁਲਿਸ ਨੇ 5 ਵਿਅਕਤੀਆਂ ਦੇ ਖ਼ਿਲਾਫ਼ ਧਾਰਾ 420 ਹਿੰ:ਡੰ: ਤਹਿਤ ਮੁਕੱਦਮਾ ਦਰਜ ਕਰ ਲਿਆ ਹੈ | ਜਿੰਨ੍ਹਾਂ ਦੀ ਗਿ੍ਫ਼ਤਾਰੀ ਅਜੇ ਬਾਕੀ ਹੈ | ਸਥਾਨਕ ਮਾਡਲ ਟਾਊਨ ਦੇ ਗੋਰਵ ਭੰਡਾਰੀ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੋਸ਼ ਲਗਾਏ ਕਿ ਉਸ ਨੂੰ ਜਗਤਾਰ ਸਿੰਘ, ਨਵੀਨ ਕੁਮਾਰ, ਸਰਵੇਸ਼ ਕੁਮਾਰ (ਸੀ.ਈ.ਓ), ਕੁਨਾਲ ਮਹਾਜਨ ਅਤੇ ਅਨੁਰਾਗ ਪ੍ਰਕਾਸ਼ ਵਾਸੀ ਨਵੀਂ ਦਿੱਲੀ ਵਲੋਂ ਬਠਿੰਡਾ ਦਿਹਾਤੀ ਹਲਕੇ ਦੇ ਪਿੰਡਾਂ ਵਿਚ ਖੰਬੇ ਲਗਾਉਣ ਦੇ ਲਈ ਕੰਮ ਦੇਣਾ ਸੀ, ਪਰ ਇਸ ਦੇ ਬਦਲੇ ਉਨਾਂ ਨੇ ਉਸ ਕੋਲੋਂ 3 ਕਰੋੜ 90 ਲੱਖ 79 ਹਜ਼ਾਰ 482 ਰੁਪਏ ਪਿੰਡ ਕੋਟਸ਼ਮੀਰ ਵਿਖੇ ਲੈ ਲਏ ਤੇ ਕੰਮ ਵੀ ਨਹੀ ਦਿੱਤਾ ਗਿਆ | ਜਦੋਂ ਉਸ ਨੇ ਉਕਤ ਮੁਲਜ਼ਮਾਂ ਤੋਂ ਆਪਣੇ ਕੰਮ ਕਰਨ ਸੰਬੰਧੀ ਗੱਲ ਕੀਤੀ ਤਾਂ ਉਨ੍ਹਾਂ ਨੇ ਕੋਈ ਵੀ ਜਵਾਬ ਨਹੀ ਦਿੱਤਾ, ਜਦੋਂ ਉਸ ਨੇ ਪੈਸੇ ਵਾਪਸ ਮੰਗੇ ਤਾਂ ਉਨ੍ਹਾਂ ਨੇ ਪੈਸੇ ਦੇਣ ਤੋਂ ਮਨ੍ਹਾਂ ਕਰ ਦਿੱਤਾ ਗਿਆ | ਜਿਸ ਕਾਰਨ ਉਸ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰੀ ਗਈ ਹੈ | ਥਾਣਾ ਸਦਰ ਦੇ ਐੱਸ.ਆਈ ਫਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਗੋਰਵ ਭੰਡਾਰੀ ਵਾਸੀ ਮਾਡਲ ਟਾਊਨ ਦੇ ਬਿਆਨ ਦਰਜ ਕਰਨ ਤੋਂ ਬਾਅਦ ਪੰਜ ਵਿਅਕਤੀਆਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |