ਰਾਮਾਂ ਮੰਡੀ, 25 ਨਵੰਬਰ (ਤਰਸੇਮ ਸਿੰਗਲਾ)-ਪੰਜਾਬ ਵਿਚ 'ਆਪ' ਸਰਕਾਰ ਦੇ ਚਾਰ ਸਾਲ ਪੂਰੇ ਹੋਣ ਵਾਲੇ ਹਨ, ਪ੍ਰੰਤੂ ਇਨ੍ਹਾਂ ਚਾਰ ਸਾਲਾਂ ਵਿਚ ਸਰਕਾਰ ਨੇ ਰਾਮਾਂ ਮੰਡੀ ਵੱਲ ਕੋਈ ਧਿਆਨ ਨਹੀਂ ਦਿੱਤਾ, ਜਿਸ ਕਾਰਨ ਰਾਮਾਂ ਮੰਡੀ ਚਾਰੇ ਪਾਸੇ ਸਮੱਸਿਆਵਾਂ 'ਚ ਘਿਰੀ ਹੋਈ ਹੈ ਅਤੇ ਲੋਕ ਨਰਕ ਤੋਂ ਭੈੜੀ ਜ਼ਿੰਦਗੀ ਜੀਅ ਰਹੇ ਹਨ, ਪਰ ਸਰਕਾਰ ਕੰਨਾਂ ਵਿਚ ਰੂੰ ਦੱਬ ਕੇ ਬੈਠੀ ਹੋਈ ਹੈ | ਸ਼ਹਿਰ ਦਾ ਇਕ ਵੀ ਵਾਰਡ ਅਜਿਹਾ ਨਹੀਂ ਹੈ , ਜੋ ਸੀਵਰੇਜ਼, ਸਿਹਤ ਸਮੱਸਿਆ ਤੋਂ ਪੀੜਤ ਨਾ ਹੋਵੇ | ਸੀਵਰੇਜ ਦਾ ਪਾਣੀ ਓਵਰਫ਼ਲੋ ਹੋ ਕੇ ਗਲੀਆਂ ਵਿਚ ਛੱਪੜ ਦੇ ਰੂਪ ਵਿਚ ਖੜ੍ਹਾ ਹੈ, ਜਿਸ ਕਾਰਨ ਡੇਂਗੂ, ਮਲੇਰੀਆ ਰੋਗ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਰਿਹਾ ਹੈ | ਲੋਕ ਆਪਣੇ ਰੋਜ਼ਾਨਾ ਦੇ ਕੰਮ ਕਰਨ ਲਈ ਅਤੇ ਸਕੂਲੀ ਬੱਚੇ ਇਸ ਸੀਵਰੇਜ ਦੇ ਗੰਦੇ ਪਾਣੀ ਵਿਚੋਂ ਲੰਘ ਕੇ ਸਕੂਲ ਜਾਣ ਲਈ ਮਜਬੂਰ ਹਨ | ਪੱਤਰਕਾਰਾਂ ਨਾਲ ਗੱਲ ਕਰਦਿਆਂ ਸ਼ਹਿਰ ਦੇ ਵਸਨੀਕਾਂ ਨੇ ਕਿਹਾ ਕਿ 'ਆਪ' ਸਰਕਾਰ ਪੰਜਾਬ ਦੀ ਸਭ ਤੋਂ ਅਯੋਗ ਸਰਕਾਰ ਸਾਬਤ ਹੋਈ ਹੈ, ਇਸ ਨੇ ਚੋਣਾਂ ਤੋਂ ਪਹਿਲਾਂ ਕੀਤੇ ਗਏ ਵਾਅਦਿਆਂ ਵਿਚੋਂ ਇੱਕ ਵੀ ਪੂਰਾ ਨਹੀਂ ਕੀਤਾ ਹੈ | ਲੋਕਾਂ ਨੇ ਕਿਹਾ ਕਿ ਸੀਵਰੇਜ ਓਵਰਫ਼ਲੋਅ ਹੋਣ ਕਾਰਨ ਲੋਕ ਬਿਮਾਰ ਹੋ ਰਹੇ ਹਨ, ਸੜਕਾਂ ਟੁੱਟੀਆਂ ਪਈਆਂ ਹਨ, ਗਲੀਆਂ ਅਤੇ ਮੁਹੱਲਿਆਂ ਵਿਚ ਕੂੜੇ ਦੇ ਢੇਰ ਬਣ ਰਹੇ ਹਨ, ਲੋਕਾਂ ਨੂੰ ਪੀਣ ਵਾਲੇ ਸਾਫ਼ ਪਾਣੀ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਨਗਰ ਕੌਂਸਲ ਦੇ ਈਓ ਵਿਪਿਨ ਕੁਮਾਰ ਨਾਲ ਗੱਲ ਕਰਨ 'ਤੇ, ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਰਿਫ਼ਾਇੰਨਰੀ ਨੇ ਸੀਵਰੇਜ ਸਿਸਟਮ ਲਈ ਨਗਰ ਕੌਂਸਲ ਨੂੰ ਆਪਣੇ ਸੀਐਸਆਰ ਫ਼ੰਡ ਵਿਚੋਂ 10 ਕਰੋੜ ਰੁਪਏ ਦਿੱਤੇ ਹਨ, ਪਰ ਸਰਕਾਰ ਨੇ ਅਜੇ ਤੱਕ ਕੋਈ ਫ਼ੰਡ ਨਹੀਂ ਦਿੱਤਾ ਹੈ, ਜਿਸ ਕਾਰਨ ਸੀਵਰੇਜ ਪਾਈਪਲਾਈਨ ਦਾ ਕੰਮ ਸ਼ੁਰੂ ਹੋਣ ਵਿਚ ਦੇਰੀ ਹੋ ਰਹੀ ਹੈ | ਉਨ੍ਹਾਂ ਦੱਸਿਆ ਕਿ ਓਵਰਫ਼ਲੋਅ ਹੋ ਰਿਹਾ ਪਾਣੀ ਵਸਨੀਕਾਂ ਲਈ ਸਮੱਸਿਆਵਾਂ ਪੈਦਾ ਕਰ ਰਿਹਾ ਹੈ, ਅਤੇ ਖੇਤਾਂ ਵਿੱਚ ਪਾਣੀ ਛੱਡਣ ਲਈ ਥਾਵਾਂ 'ਤੇ ਵਿਚਾਰ ਕੀਤਾ ਜਾ ਰਿਹਾ ਹੈ, ਪਰ ਮੌਜੂਦਾ ਕਣਕ ਦੀ ਫ਼ਸਲ ਪਾਣੀ ਦੇ ਨਿਕਾਸ ਵਿਚ ਰੁਕਾਵਟ ਪਾ ਰਹੀ ਹੈ | ਸ਼ਹਿਰ ਵਾਸੀਆਂ ਵਲੋਂ ਸਮੱਸਿਆਵਾਂ ਨੂੰ ਲੈ ਕੇ ਅੱਜ ਬੁੱਧਵਾਰ ਨੂੰ ਧਰਨਾ ਦਿੱਤਾ ਜਾਵੇਗਾ |
ਸਮੱਸਿਆਵਾਂ 'ਚ ਘਿਰੀ ਰਾਮਾਂ ਮੰਡੀ-ਸੀਵਰੇਜ ਸਮੱਸਿਆ ਕਾਰਨ ਰਾਮਾਂ ਮੰਡੀ ਡੇਂਗੂ ਮਲੇਰੀਆ ਦੀ ਲਪੇਟ 'ਚ ਆਈ <br/>
ਨਵੀਂ ਬਸਤੀ ਦੀ ਮੇਨ ਰੋਡ 'ਤੇ ਖੜ੍ਹਾ ਸੀਵਰੇਜ ਦਾ ਗੰਦਾ ਪਾਣੀ |<br/>
26-11-2025