ਲਹਿਰਾ ਮੁਹੱਬਤ, 25 ਨਵੰਬਰ (ਸੁਖਪਾਲ ਸਿੰਘ ਸੁੱਖੀ)-ਸਰਾਫ਼ ਐਜੂਬੀਕਨ ਗਲੋਬਲ ਡਿਸਕਵਰੀ ਸਕੂਲ ਲਹਿਰਾ ਧੂਰਕੋਟ ਦੇ ਆਰਟਸ ਗੁਰੱਪ ਦੇ ਵਿਦਿਆਰਥੀਆਂ ਨੇ ਸਥਾਨਕ ਸਿਵਲ ਕੋਰਟ ਦਾ ਸਿੱਖਿਆਤਮਕ ਦੌਰਾ ਕਰਕੇ ਨਿਆਂ ਪ੍ਰਣਾਲੀ ਬਾਰੇ ਪ੍ਰਯੋਗਿਕ ਗਿਆਨ ਪ੍ਰਾਪਤ ਕੀਤਾ | ਇਸ ਦਾ ਉਦੇਸ਼ ਵਿਦਿਆਰਥੀਆਂ ਨੂੰ ਅਦਾਲਤੀ ਪ੍ਰਕਿਰਿਆ ਨਾਲ ਜਾਣੂ ਕਰਵਾਉਣਾ ਅਤੇ ਕਾਨੂੰਨ, ਨਿਆਂ ਅਤੇ ਸਮਾਜਿਕ ਵਿਗਿਆਨ ਦੀ ਸਮਝ ਨੂੰ ਹੋਰ ਮਜ਼ਬੂਤ ਕਰਨਾ ਸੀ | ਇਸ ਸਮੇਂ ਸੀਨੀਅਰ ਜੱਜ ਮਿਸ ਗੀਤਾ ਰਾਣੀ ਨੇ ਵਿਦਿਆਰਥੀਆਂ ਨੂੰ ਅਦਾਲਤੀ ਕੰਪਲੈਕਸ ਦਾ ਵਿਸਤਿ੍ਤ ਨਿਰੀਖਣ ਕਰਵਾਇਆ ਅਤੇ ਉਨ੍ਹਾਂ ਨੂੰ ਵੱਖ-ਵੱਖ ਅਦਾਲਤੀ ਕਾਰਵਾਈਆਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ | ਵਿਦਿਆਰਥੀਆਂ ਨੇ ਕੇਸ ਦਾਇਰ ਕਰਨ ਤੋਂ ਲੈ ਕੇ ਸੁਣਵਾਈ ਅਤੇ ਫ਼ੈਸਲੇ ਤੱਕ ਦੀ ਪੂਰੀ ਪ੍ਰਕਿਰਿਆ ਨੂੰ ਨਜ਼ਦੀਕੋਂ ਸਮਝਿਆ | ਉਨ੍ਹਾਂ ਜਾਣਿਆ ਕਿ ਜੱਜ, ਵਕੀਲ ਅਤੇ ਅਦਾਲਤੀ ਸਟਾਫ਼ ਕਿਸ ਤਰੀਕੇ ਨਾਲ ਆਪਣੀਆਂ ਭੂਮਿਕਾਵਾਂ ਨਿਭਾਉਂਦੇ ਹਨ ਅਤੇ ਕੇਸ ਵਿਚ ਸਬੂਤ, ਗਵਾਹੀਆਂ ਅਤੇ ਦਸਤਾਵੇਜ਼ਾਂ ਦੀ ਕੀ ਮਹੱਤਤਾ ਹੁੰਦੀ ਹੈ | ਨਿਆਂ ਪ੍ਰਣਾਲੀ ਨਾਗਰਿਕਾਂ ਦੇ ਅਧਿਕਾਰਾਂ ਦੀ ਰੱਖਿਆ ਕਿਵੇਂ ਕਰਦੀ ਹੈ ਅਤੇ ਕਾਨੂੰਨ ਰੋਜ਼ਾਨਾ ਜੀਵਨ ਦੇ ਹਰੇਕ ਪੱਖ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦਾ ਹੈ | ਸਕੂਲ ਦੇ ਚੇਅਰਮੈਨ ਇੰਜ. ਕਮਲੇਸ਼ ਸਰਾਫ਼ ਨੇ ਕਿਹਾ ਕਿ ਅਜਿਹੇ ਦੌਰੇ ਵਿਦਿਆਰਥੀਆਂ 'ਚ ਕਾਨੂੰਨੀ ਜਾਗਰੂਕਤਾ ਦੇ ਨਾਲ-ਨਾਲ ਫੈਸਲਾ ਲੈਣ ਦੀ ਯੋਗਤਾ ਅਤੇ ਸਮਾਜਿਕ ਸਮਝ ਨੂੰ ਵੀ ਵਧਾਉਂਦੇ ਹਨ | ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅਸਲ ਅਨੁਭਵ ਹਮੇਸ਼ਾ ਕਿਤਾਬੀ ਗਿਆਨ ਨਾਲੋਂ ਵੱੱਧ ਪ੍ਰਭਾਵਸ਼ਾਲੀ ਹੁੰਦੇ ਹਨ | ਇਹ ਵਿਦਿਆਰਥੀਆਂ ਨੂੰ ਭਵਿੱਖ ਦੇ ਕਰੀਅਰ ਚੋਣਾਂ ਲਈ ਪ੍ਰੇਰਿਤ ਕਰਦੇ ਹਨ | ਵਿਦਿਆਰਥੀਆਂ ਲਈ ਬਹੁਤ ਹੀ ਪ੍ਰੇਰਨਾਦਾਇਕ ਸਾਬਿਤ ਹੋਇਆ ਹੈ | ਜਿਸ ਨਾਲ ਉਨ੍ਹਾਂ ਦੀ ਕਾਨੂੰਨ, ਪਬਲਿਕ ਐਡਮਿਨਿਸਟਰੇਸ਼ਨ ਅਤੇ ਸਿਵਲ ਸੇਵਾਵਾਂ ਵਰਗੇ ਖੇਤਰਾਂ ਵਿਚ ਦਿਲਚਸਪੀ ਹੋਰ ਵਧੀ ਹੈ | ਸਕੂਲ ਪ੍ਰਬੰਧਕਾਂ ਨੇ ਇਸ ਵਿੱਦਿਅਕ ਦੌਰੇ ਨੂੰ ਸਫ਼ਲ ਬਣਾਉਣ ਲਈ ਸਿਵਲ ਕੋਰਟ ਦੇ ਅਧਿਕਾਰੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ |