ਬਠਿੰਡਾ, 17 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)-ਭਾਰਤੀ ਜਨਤਾ ਪਾਰਟੀ ਦੇ ਸੂਬਾ ਜਨਰਲ ਸਕੱਤਰ ਦਿਆਲ ਸੋਢੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਪਿਛਲੇ 11 ਸਾਲਾਂ ਕਾਰਜਕਾਲ ਦੌਰਾਨ ਹਰ ਵਰਗ ਦਾ ਵਿਕਾਸ ਹੋਇਆ | ਵਿਕਸਿਤ ਭਾਰਤ ਨੂੰ ਸਮਰਪਿਤ ਮੋਦੀ ਸਰਕਾਰ ਨੇ 'ਸਭ ਕਾ ਸਾਥ, ਸਭ ਦਾ ਵਿਕਾਸ ਅਤੇ ਸਭ ਦਾ ਵਿਸ਼ਵਾਸ' ਦੇ ਨਾਅਰੇ ਨੂੰ ਲੈ ਕੇ ਬਿਨ੍ਹਾਂ ਕਿਸੇ ਭੇਦ ਭਾਵ ਦੇ ਸਭਨਾਂ ਵਰਗਾਂ ਦੀ ਤਰੱਕੀ ਲਈ ਮਜ਼ਬੂਤ ਇਰਾਦੇ ਨਾਲ ਇਤਿਹਾਸਕ ਫ਼ੈਸਲੇ ਲਏ ਹਨ | ਸੋਢੀ ਨੇ ਸਰਕਾਰ ਦੀਆਂ ਯੋਜਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਗਰੀਬ ਕਲਿਆਣ ਅੰਨ ਯੋਜਨਾ ਅਧੀਨ 80 ਕਰੋੜ ਲੋਕਾਂ ਨੂੰ ਅਨਾਜ ਦਿੱਤਾ | ਕੋਰੋਨਾ ਵਰਗੀ ਮਹਾਂਮਾਰੀ ਦੌਰਾਨ ਕੋਈ ਵੀ ਵਿਅਕਤੀ ਅਨਾਜ ਤੋਂ ਬਿਨ੍ਹਾਂ ਨਹੀਂ ਰਿਹਾ | 'ਪ੍ਰਧਾਨ ਮੰਤਰੀ ਆਵਾਸ ਯੋਜਨਾ' ਤਹਿਤ ਕਰੋੜਾਂ ਲੋਕਾਂ ਨੂੰ ਰਹਿਣ ਲਈ ਘਰ ਬਣਾ ਕੇ ਦਿੱਤੇ ਗਏ | 'ਆਯੂਸ਼ਮਾਨ ਯੋਜਨਾ' ਤਹਿਤ ਹਰੇਕ ਵਿਅਕਤੀ ਨੂੰ 5 ਲੱਖ ਰੁਪਏ ਦਾ ਮੁਫ਼ਤ ਇਲਾਜ ਦਿੱਤਾ ਅਤੇ ਹੁਣ 70 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਦੇ ਮੁਫ਼ਤ ਇਲਾਜ ਲਈ ਵੱਖਰਾ ਕਾਰਡ ਬਣ ਰਿਹਾ | ਇਸੇ ਤਰ੍ਹਾਂ 'ਗੈੱਸ ਉੱਜਵਲ ਯੋਜਨਾ' ਤਹਿਤ ਗੈੱਸ ਕੁਨੈਕਸ਼ਨ, ਕਿਸਾਨ ਸਨਮਾਨ ਯੋਜਨਾ ਤਹਿਤ ਤਿੰਨ ਮਹੀਨਿਆਂ ਬਾਅਦ ਕਿਸਾਨਾਂ ਦੇ ਖਾਤਿਆਂ ਵਿਚ 2 ਹਜ਼ਾਰ ਰੁਪਏ, 'ਵਿਸ਼ਵਕਰਮਾ ਯੋਜਨਾ' ਤਹਿਤ 18 ਸ਼ੇ੍ਰਣੀਆਂ ਨੂੰ ਸ਼ਾਮਲ ਕਰਕੇ ਬੇਰੁਜ਼ਗਾਰਾਂ ਨੂੰ ਆਪਣਾ ਰੁਜ਼ਗਾਰ ਚਲਾਉਣ ਦੇ ਯੋਗ ਬਣਾਉਣ ਲਈ 50 ਹਜ਼ਾਰ ਰੁਪਏ ਦੀ ਰਾਸ਼ੀ ਰੂਪੀ ਲੋਨ ਦਿਵਾਏ | ਸੂਬਾ ਜਨਰਲ ਸਕੱਤਰ ਨੇ ਕਿਹਾ ਕਿ ਮੋਦੀ ਸਰਕਾਰ ਨੇ ਰੇਲਵੇ 'ਚ ਬੜਾ ਇਨਕਲਾਬੀ ਫ਼ੈਸਲਾ ਲਿਆਂਦਾ ਕਿ 'ਅੰਮਿ੍ਤ ਸਟੇਸ਼ਨ ਯੋਜਨਾ' ਤਹਿਤ ਨਵੇਂ ਸਟੇਸ਼ਨਾਂ ਦਾ ਨਿਰਮਾਣ ਹੋਇਆ, ਜਿਸ ਵਿਚ ਪੰਜਾਬ ਨੂੰ 30 ਨਵੇਂ ਸਟੇਸ਼ਨਾਂ ਲਈ ਪੈਸੇ ਆਏ, ਜਿਸ ਵਿਚ ਬਠਿੰਡਾ ਵੀ ਸ਼ਾਮਲ ਹੈ | ਹੁਣ ਦੇਸ਼ ਫਾਟਕ ਰਹਿਤ ਬਣ ਰਿਹਾ | ਦੇਸ਼ ਆਤਮ ਨਿਰਭਰ ਹੋਇਆ | ਉਨ੍ਹਾਂ ਕੇਂਦਰ ਸਰਕਾਰ ਵਲੋਂ ਪੰਜਾਬ 'ਚ ਕੀਤੇ ਕੰਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਇਕੱਲੇ ਪੰਜਾਬ ਅੰਦਰ 39216 ਘਰਾਂ ਦਾ ਨਿਰਮਾਣ ਹੋਇਆ, 1600 ਕਿੱਲੋਮੀਟਰ ਸੜਕਾਂ ਬਣੀਆਂ ਅਤੇ ਨਵੇਂ ਸਟੇਸ਼ਨ ਬਣਨੇ ਹਨ | ਇਸੇ ਤਰ੍ਹਾਂ ਸਿਹਤ ਬੀਮਾ ਯੋਜਨਾ ਦਾ 87.94 ਲੱਖ ਤੋਂ ਵੱਧ ਗਰੀਬ ਲੋੜਵੰਦਾਂ ਨੂੰ ਲਾਭ ਮਿਲਿਆ, ਕਿਸਾਨਾਂ ਲਈ 14 ਫ਼ਸਲਾਂ ਦੀ ਐਮਐਸਪੀ 'ਚ ਵਾਧਾ ਕੀਤਾ | ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦਾ ਵਿਕਾਸ ਕੇਂਦਰ ਸਰਕਾਰ ਦੀਆਂ ਯੋਜਨਾ ਨਾਲ ਹੋਇਆ ਅਤੇ ਹੋਣਾ | ਇਸ ਕਰਕੇ ਆਉਣ ਵਾਲੇ ਸਮੇਂ ਵਿਚ ਪੰਜਾਬ ਦੇ ਲੋਕਾਂ ਨੂੰ ਭਾਜਪਾ ਦਾ ਸਾਥ ਦੇਣਾ ਬਹੁਤ ਜ਼ਰੂਰੀ ਹੈ | ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਜਨਰਲ ਸਕੱਤਰ ਅਸ਼ੋਕ ਬਾਲਿਆਂਵਾਲੀ ਤੇ ਹੋਰ ਆਗੂ ਵੀ ਮੌਜੂਦ ਸਨ |