ਬੁਢਲਾਡਾ, 20 ਜੂਨ (ਸੁਨੀਲ ਮਨਚੰਦਾ)-ਪੰਜਾਬ ਸਰਕਾਰ ਨੇ ਬੁਢਲਾਡਾ ਵਿਖੇ ਨਵੀਂ ਅਨਾਜ ਮੰਡੀ ਸਥਾਪਿਤ ਕਰਨ ਲਈ ਭੀਖੀ-ਜਾਖਲ ਰੋਡ 'ਤੇ 51 ਏਕੜ ਜ਼ਮੀਨ ਦੀ ਰਜਿਸਟਰੀ ਮੰਡੀਕਰਨ ਬੋਰਡ ਦੇ ਨਾਂਅ ਕਰਵਾ ਦਿੱਤੀ ਹੈ | ਇਹ ਜਗ੍ਹਾ ਪਹਿਲਾਂ ਪੁੱਡਾ ਨੇ ਰਿਹਾਇਸ਼ੀ ਕਾਲੋਨੀ ਬਣਾਉਣ ਲਈ ਖ਼ਰੀਦੀ ਸੀ | ਇਸ ਜ਼ਮੀਨ ਦੀ ਕੀਮਤ 33 ਕਰੋੜ ਰੁਪਏ ਤੋਂ ਵਧੇਰੇ ਸੀ | ਹਲਕਾ ਵਿਧਾਇਕ ਬੁੱਧ ਰਾਮ ਲੋਕਾਂ ਦੀ ਮੰਗ ਨੂੰ ਪੂਰਾ ਕਰਵਾਉਣ ਲਈ ਪਿਛਲੇ ਸਮੇਂ ਤੋਂ ਯਤਨਸ਼ੀਲ ਸਨ | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੁਢਲਾਡਾ ਫੇਰੀ ਮੌਕੇ ਇਹ ਮੰਡੀ ਬਣਾਉਣ ਦਾ ਵਾਅਦਾ ਕੀਤਾ ਸੀ, ਜੋ ਉਨ੍ਹਾਂ ਨਿਭਾਅ ਦਿੱਤਾ ਹੈ | ਵਿਧਾਇਕ ਬੁੱਧ ਰਾਮ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਨਾਜ ਮੰਡੀ ਦੀ ਉਸਾਰੀ ਜਲਦ ਸ਼ੁਰੂ ਕਰ ਦਿੱਤੀ ਜਾਵੇਗੀ | ਉਨ੍ਹਾਂ ਇਸ ਕਾਰਜ ਬਦਲੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਲਾਵਾ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਵੀ ਧੰਨਵਾਦ ਕੀਤਾ ਹੈ | ਉਨ੍ਹਾਂ ਹਲਕਾ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਲੋਕਾਂ ਦੀ ਚਿਰੋਕਣੀ ਮੰਗ ਪੂਰੀ ਹੋ ਗਈ ਹੈ | ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਕਿਸਾਨਾਂ, ਮਜ਼ਦੂਰਾਂ ਅਤੇ ਖੇਤੀ ਖੇਤਰ ਨਾਲ ਜੁੜੇ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ | ਉਨ੍ਹਾਂ ਕਿਹਾ ਕਿ ਅੰਨਦਾਤਾ ਨੂੰ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਵੱਡੀ ਮਾਤਰਾ ਵਿਚ ਅਨਾਜ ਦੀ ਲੋੜ ਨੂੰ ਮੁੱਖ ਰੱਖਦਿਆਂ ਇਸ ਅਨਾਜ ਮੰਡੀ ਨੂੰ ਵਿਸ਼ਾਲ ਬਣਾਇਆ ਜਾਵੇਗਾ ਅਤੇ ਸ਼ਹਿਰ ਤੋਂ ਬਾਹਰ ਹੋਣ ਕਰ ਕੇ ਸ਼ਹਿਰ ਦੇ ਲੋਕਾਂ ਨੂੰ ਟਰੈਫ਼ਿਕ ਦੀ ਸਮੱਸਿਆ ਤੋਂ ਵੀ ਨਿਜਾਤ ਮਿਲੇਗੀ | ਵਿਧਾਇਕ ਅਨੁਸਾਰ ਇਸ ਪ੍ਰੋਜੈਕਟ ਲਈ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਪਿ੍ੰਸੀਪਲ ਸਕੱਤਰ ਬਸੰਤ ਕੁਮਾਰ, ਸਕੱਤਰ ਮੰਡੀ ਬੋਰਡ ਰਾਮਬੀਰ ਆਈ.ਏ.ਐਸ., ਚੇਅਰਮੈਨ ਮੰਡੀ ਬੋਰਡ ਹਰਚੰਦ ਸਿੰਘ ਬਰਸਟ ਨੇ ਲੋੜੀਂਦੀਆਂ ਪ੍ਰਕਿਰਿਆਵਾਂ ਵਿਚ ਅਹਿਮ ਭੂਮਿਕਾ ਨਿਭਾਈ ਹੈ | ਇਸ ਮੌਕੇ ਐਸ.ਡੀ.ਐਮ. ਬੁਢਲਾਡਾ ਗਗਨਦੀਪ ਸਿੰਘ, ਚੇਅਰਮੈਨ ਮਾਰਕੀਟ ਕਮੇਟੀ ਬੁਢਲਾਡਾ ਸਤੀਸ਼ ਸਿੰਗਲਾ, ਚੇਅਰਮੈਨ ਸਹਿਕਾਰੀ ਬੈਂਕ ਸੋਹਣਾ ਸਿੰਘ ਕਲੀਪੁਰ ਆਦਿ ਹਾਜ਼ਰ ਸਨ |