ਮਾਨਸਾ, 20 ਜੂਨ (ਰਾਵਿੰਦਰ ਸਿੰਘ ਰਵੀ)-ਕੁਲਵੰਤ ਸਿੰਘ ਧੂਰੀ ਡਿਪਟੀ ਕਮਿਸ਼ਨਰ ਮਾਨਸਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਇਕੱਤਰਤਾ ਕੀਤੀ | ਉਨ੍ਹਾਂ ਦੱਸਿਆ ਕਿ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਤਹਿਤ ਭਾਰਤ ਸਰਕਾਰ ਦੇ ਜਲ ਸ਼ਕਤੀ ਵਿਭਾਗ ਵਲੋਂ ਸਵੱਛਤਾ ਸਰਵੇਖਣ ਗ੍ਰਾਮੀਣ-2025 ਕਰਵਾਇਆ ਜਾ ਰਿਹਾ ਹੈ, ਜੋ 19 ਜੁਲਾਈ ਤੱਕ ਚੱਲੇਗਾ | ਉਨ੍ਹਾਂ ਹਦਾਇਤ ਕੀਤੀ ਕਿ ਉਹ ਇਸ ਸਰਵੇਖਣ ਨੂੰ ਗੰਭੀਰਤਾ ਨਾਲ ਲੈਣ ਅਤੇ ਆਪੋ-ਆਪਣੇ ਵਿਭਾਗਾਂ ਨਾਲ ਸਬੰਧਿਤ ਕੰਮਾਂ ਦੀ ਨਿਗਰਾਨੀ ਖ਼ੁਦ ਕਰਨ ਤਾਂ ਜੋ ਸਰਵੇਖਣ 'ਚ ਮਾਨਸਾ ਜ਼ਿਲ੍ਹਾ ਸੂਬਾ ਅਤੇ ਦੇਸ਼ ਪੱਧਰ 'ਤੇ ਵਧੀਆ ਰੈਂਕਿੰਗ ਹਾਸਲ ਕਰ ਸਕੇ | ਜ਼ਿਲ੍ਹਾ ਸੈਨੀਟੇਸ਼ਨ ਅਫ਼ਸਰ ਕੇਵਲ ਗਰਗ ਨੇ ਦੱਸਿਆ ਕਿ ਸਰਵੇਖਣ ਦੇ ਕੁੱਲ 1000 ਅੰਕ ਹਨ, ਜਿਸ 'ਚੋਂ 540 ਅੰਕ ਇਸ ਸਰਵੇਖਣ ਟੀਮ ਵਲੋਂ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੀ ਸਾਫ਼ ਸਫ਼ਾਈ, ਸਾਂਝੀਆਂ ਤੇ ਸਰਕਾਰੀ ਸੰਸਥਾਵਾਂ 'ਚ ਪੀਣ ਵਾਲੇ ਪਾਣੀ, ਪਖਾਨੇ ਦੀ ਵਿਵਸਥਾ, ਪਿੰਡ ਦਾ ਠੋਸ ਤੇ ਤਰਲ ਕੂੜਾ ਪ੍ਰਬੰਧਨ, ਪਲਾਸਟਿਕ ਵੈਸਟ ਮੈਨੇਜਮੈਂਟ, ਸਾਂਝੇ ਅਤੇ ਵਿਅਕਤੀਗਤ ਪਖਾਨਿਆਂ ਦੀ ਵਰਤੋਂ ਅਤੇ ਸਾਫ਼ ਸਫ਼ਾਈ ਦੇ ਅਧਾਰ 'ਤੇ ਦਿੱਤੇ ਜਾਣਗੇ | ਇਸ ਤੋਂ ਇਲਾਵਾ ਗੋਬਰਧਨ ਪਲਾਂਟ ਦਾ ਵੀ ਦੌਰਾ ਕੀਤਾ ਜਾਵੇਗਾ | ਜ਼ਿਲ੍ਹਾ ਵਾਸੀ ਭਾਰਤ ਸਰਕਾਰ ਦੀ ਸਰਵੇਖਣ ਸਬੰਧੀ ਬਣੀ ਮੋਬਾਈਲ ਐਪ ਐਸ.ਐਸ.ਜੀ. ਸਵੱਛ ਸਰਵੇਖਣ ਗ੍ਰਾਮੀਣ-2025' ਰਾਹੀਂ ਵੀ ਜ਼ਿਲ੍ਹੇ ਦੀ ਸਵੱਛਤਾ ਬਾਰੇ ਆਪਣੀ ਰਾਇ ਸਾਂਝੀ ਕਰ ਸਕਦੇ ਹਨ, ਦੇ 50 ਅੰਕ ਹੋਣਗੇ | ਇਸ ਮੌਕੇ ਐਸ.ਡੀ.ਓ. ਜਲ ਸਪਲਾਈ ਤੇ ਸੈਨੀਟੇਸ਼ਨ ਕਰਮਜੀਤ ਸਿੰਘ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਲਵਲੀਨ ਕੌਰ ਬੜਿੰਗ ਆਦਿ ਹਾਜ਼ਰ ਸਨ |