ਬਠਿੰਡਾ, 20 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ):- ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਬਠਿੰਡਾ ਵਿਖੇ ਝੋਨੇ ਹੇਠੋਂ ਰਕਬਾ ਕੱਢ ਕੇ ਮੱਕੀ ਹੇਠ ਲਿਆਉਣ ਲਈ ਸ਼ੁਰੂ ਕੀਤੇ ਗਏ ਪਾਇਲਟ ਪ੍ਰੋਜੈਕਟ ਤਹਿਤ ਜ਼ਿਲ੍ਹੇ ਵਿਚ 1500 ਹੈਕਟੇਅਰ ਰਕਬੇ ਵਿਚ ਮੱਕੀ ਦੀ ਕਾਸ਼ਤ ਕਰਵਾਈ ਜਾ ਰਹੀ ਹੈ ਅਤੇ ਇਸ ਦੀ ਬਿਜਾਈ ਜੂਨ ਮਹੀਨੇ ਦੇ ਆਖੀਰ ਤੱਕ ਕੀਤੀ ਜਾ ਸਕਦੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਮੁੱਖ ਖੇਤੀਬਾੜੀ ਅਫ਼ਸਰ ਬਠਿੰਡਾ ਡਾ. ਜਗਦੀਸ਼ ਸਿੰਘ ਨੇ ਦੱਸਿਆ ਕਿ ਭਵਿੱਖ ਦੀ ਖੇਤੀ ਨੂੰ ਟਿਕਾਊ ਬਣਾਉਣ ਅਤੇ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਨੀਵਾਂ ਜਾਣ ਤੋਂ ਰੋਕਣ ਲਈ ਜ਼ਿਲ੍ਹਾ ਬਠਿੰਡਾ ਵਿਖੇ 1500 ਹੈਕਟੇਅਰ ਝੋਨੇ ਹੇਠੋਂ ਰਕਬਾ ਕੱਢ ਕੇ ਮੱਕੀ ਦੀ ਕਾਸ਼ਤ ਹੇਠਾਂ ਲਿਆਉਣ ਲਈ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ | ਜੋ ਕਿਸਾਨ ਝੋਨੇ ਦੀ ਕਾਸ਼ਤ ਕਰਨ ਦੀ ਬਜਾਇ ਮੱਕੀ ਦੀ ਕਾਸ਼ਤ ਕਰੇਗਾ, ਉਨ੍ਹਾਂ ਕਿਸਾਨਾਂ ਨੂੰ ਪ੍ਰਤੀ ਹੈਕਟੇਅਰ 17500 ਰੁਪਏ ਪ੍ਰੋਤਸਾਹਨ ਰਾਸ਼ੀ ਸਿੱਧੇ ਬੈਂਕ ਖਾਤਿਆਂ ਵਿਚ ਦਿੱਤੀ ਜਾਵੇਗੀ ਅਤੇ ਇਸ ਦੇ ਨਾਲ ਹੀ ਪੰਜਾਬ ਸਰਕਾਰ ਵਲੋਂ ਮੱਕੀ ਦੀ ਖ਼ਰੀਦ ਘੱਟੋਂ-ਘੱਟ ਸਮਰਥਨ ਮੁੱਲ 'ਤੇ ਖ਼ਰੀਦਣਾ ਯਕੀਨੀ ਬਣਾਇਆ ਗਿਆ ਹੈ | ਮੱਕੀ ਬੀਜਣ ਵਾਲੇ ਕਿਸਾਨਾਂ ਨੂੰ ਪੋਰਟਲ 'ਤੇ ਰਜਿਸਟਰਡ ਕਰਨ ਅਤੇ ਹੋਰ ਤਕਨੀਕੀ ਸਹਾਇਤਾ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਠਿੰਡਾ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਕਿਸਾਨਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ | ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜ਼ਿਲ੍ਹੇ ਦੇ ਹਰੇਕ ਕਿਸਾਨ ਵਲੋਂ ਘੱਟੋਂ-ਘੱਟ ਇੱਕ ਏਕੜ ਰਕਬੇ ਵਿਚ ਮੱਕੀ ਦੀ ਬਿਜਾਂਦ ਜ਼ਰੂਰ ਕਰਨ ਤਾਂ ਜੋ ਝੋਨੇ ਦੀ ਕਾਸ਼ਤ ਕਰਨ ਨਾਲ ਆਉਣ ਵਾਲੀਆਂ ਸਮੱਸਿਆਵਾਂ ਘੱਟ ਕੀਤੀਆਂ ਜਾ ਸਕਣ ਅਤੇ ਧਰਤੀ ਹੇਠਲੇ ਪਾਣੀ ਦੀ ਬੱਚਤ ਕੀਤੀ ਜਾ ਸਕੇ | ਮੱਕੀ ਦੀ ਬਿਜਾਈ ਨੂੰ ਪ੍ਰਫੁਲਿਤ ਕਰਨ ਲਈ ਜ਼ਿਲ੍ਹੇ ਦੇ ਸਾਰੇ ਪਿੰਡਾਂ ਵਿਚ ਕਿਸਾਨ ਸਿਖਲਾਈ ਕੈਂਪ ਲਗਾਏ ਜਾ ਰਹੇ ਹਨ ਅਤੇ ਅਗਾਂਹਵਧੂ ਕਿਸਾਨਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ |