ਰਾਮਾਂ ਮੰਡੀ, 20 ਜੂਨ (ਤਰਸੇਮ ਸਿੰਗਲਾ)-ਖ਼ਸਤਾ ਹਾਲਤ ਸਿਹਤ ਕੇਂਦਰ ਪਿੰਡ ਮਲਕਾਣਾ ਨੂੰ ਨਵੇਂ ਸਿਰਿਉਂ ਬਣਾਉਣ ਲਈ ਗ੍ਰਾਮ ਪੰਚਾਇਤ ਮਲਕਾਣਾ ਦੀ ਤਰਫੋਂ ਪਿੰਡ ਦੇ ਸਮਾਜ ਸੇਵੀ ਕੁਲਦੀਪ ਸਿੰਘ ਅਤੇ ਅੰਮਿ੍ਤਪਾਲ ਸਿੰਘ ਵਲੋਂ ਅੱਜ ਸੀਨੀਅਰ ਮੈਡੀਕਲ ਅਫ਼ਸਰ ਤਲਵੰਡੀ ਸਾਬੋ ਨੂੰ ਇਕ ਪੱਤਰ ਦਿੱਤਾ ਗਿਆ | ਜਿਸ ਵਿਚ ਸਮਾਜ ਸੇਵੀ ਕੁਲਦੀਪ ਸਿੰਘ ਨੇ ਦੱਸਿਆ ਕਿ ਪਿੰਡ ਦੇ ਸਿਹਤ ਕੇਂਦਰ ਦੀ ਇਮਾਰਤ ਕਾਫ਼ੀ ਪੁਰਾਣੀ ਹੋਣ ਕਾਰਨ ਖ਼ਸਤਾ ਹਾਲਤ ਵਿਚ ਹੈ ਅਤੇ ਕੇਂਦਰ ਦੀਆਂ ਛੱਤਾਂ ਅਤੇ ਕੰਧਾਂ ਤੋਂ ਸੀਮਿੰਟ ਦੇ ਟੁਕੜੇ ਡਿੱਗ ਰਹੇ ਹਨ | ਉਨ੍ਹਾਂ ਦੱਸਿਆ ਕਿ ਹਰ ਬੁੱਧਵਾਰ ਨੂੰ ਸਿਹਤ ਕੇਂਦਰ ਵਿਚ ਗਰਭਵਤੀ ਮਹਿਲਾਵਾਂ ਦਾ ਟੀਕਾਕਰਨ ਕੀਤਾ ਜਾਂਦਾ ਹੈ, ਪਰ ਮਹਿਲਾਵਾਂ ਇਮਾਰਤ ਦੀ ਮਾੜੀ ਹਾਲਤ ਕਾਰਨ ਕੇਂਦਰ ਵਿਚ ਆਉਣ ਤੋਂ ਡਰਦੀਆਂ ਹਨ | ਉਨ੍ਹਾਂ ਦੱਸਿਆ ਕਿ ਮੀਂਹ ਦੇ ਮੌਸਮ ਵਿਚ ਜਾਂ ਤੇਜ਼ ਝੱਖੜ ਹਨੇਰੀਆਂ ਨਾਲ ਕਿਸੇ ਵੀ ਸਮੇਂ ਇਮਾਰਤ ਡਿੱਗਣ ਨਾਲ ਮਰੀਜ਼ਾਂ ਅਤੇ ਮੁਲਾਜ਼ਮਾਂ ਦਾ ਜਾਨੀ-ਮਾਲੀ ਨੁਕਸਾਨ ਹੋ ਸਕਦਾ ਹੈ | ਗ੍ਰਾਮ ਪੰਚਾਇਤ ਨੇ ਸਿਹਤ ਮੰਤਰੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਸਿਹਤ ਕੇਂਦਰ ਦੀ ਇਮਾਰਤ ਢਾਹ ਕੇ ਨਵੀਂ ਬਣਾਈ ਜਾਵੇ |