22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਮਨਰੇਗਾ ਕੰਮਾਂ ਦੀ ਮੁੜ ਬਹਾਲੀ ਦਾ ਮਤਾ ਪਾਸ ਕਰਨ ਦੀ ਮੰਗ

ਅਜੀਤ ਡੈਸਕ 22-09-2025
ਬਠਿੰਡਾ, 21 ਸਤੰਬਰ (ਸੱਤਪਾਲ ਸਿੰਘ ਸਿਵੀਆਂ): ਮਜ਼ਦੂਰ ਮੁਕਤੀ ਮੋਰਚਾ ਪੰਜਾਬ (ਆਜ਼ਾਦ) ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਵਿਧਾਨ ਸਭਾ ਦੇ ਹੋਣ ਵਾਲੇ ਵਿਸ਼ੇਸ਼ ਇਜਲਾਸ ਵਿਚ ਮਗਨਰੇਗਾ ਸਕੀਮ ਦੇ ਬੰਦ ਕੀਤੇ ਕੰਮਾਂ ਨੂੰ ਮੁੜ ਬਹਾਲ ਕਰਨ ਲਈ ਮਤਾ ਪਾਸ ਕੀਤਾ ਜਾਵੇ ਤੇ ਅਜਿਹਾ ਨਾ ਹੋਣ 'ਤੇ ਮੋਰਚੇ ਵਲੋਂ ਮਨਰੇਗਾ ਮਜ਼ਦੂਰਾਂ ਨੂੰ ਨਾਲ ਲੈ ਕੇ ਸੰਘਰਸ਼ ਵਿੱਢਿਆ ਜਾਵੇਗਾ | ਇਸ ਸੰਬੰਧੀ ਸਥਾਨਕ ਟੀਚਰ ਹੋਮ ਵਿਖੇ ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਨਿੱਕਾ ਸਿੰਘ ਬਹਾਦਰਪੁਰ ਦੀ ਅਗਵਾਈ ਵਿਚ ਹੋਈ ਮੀਟਿੰਗ ਦੌਰਾਨ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਤੇ ਸੂਬਾ ਸਕੱਤਰ ਹਰਵਿੰਦਰ ਸਿੰਘ ਸੇਮਾ ਨੇ ਕਿਹਾ ਕਿ ਹੜ੍ਹਾਂ ਅਤੇ ਭਾਰੀ ਬਾਰਿਸ਼ ਕਾਰਨ ਬੇਜ਼ਮੀਨੇ ਦਲਿਤਾਂ ਦੇ ਘਰ, ਪਸ਼ੂਆਂ ਸਮੇਤ ਸਭ ਕੁੱਝ ਹੜ੍ਹਾਂ ਦੇ ਪਾਣੀ ਵਿਚ ਰੁੜ੍ਹ ਗਿਆ ਹੈ ਤੇ ਸੰਕਟ ਵਿਚ ਫਸੇ ਮਜ਼ਦੂਰਾਂ ਦੀ ਬਾਂਹ ਫੜਨ ਦੀ ਥਾਂ ਉਲਟਾ ਕੇਂਦਰ ਦੀ ਮੋਦੀ ਅਤੇ ਪੰਜਾਬ ਦੀ ਮਾਨ ਸਰਕਾਰ ਨੇ ਮਨਰੇਗਾ ਕੰਮਾਂ ਨੂੰ ਬੰਦ ਕਰਕੇ ਗ਼ਰੀਬਾਂ ਦੇ ਚੁੱਲ੍ਹੇ ਠੰਢੇ ਕਰ ਦਿੱਤੇ ਹਨ | ਇਹ ਸਕੀਮ ਤਹਿਤ ਹੋਣ ਵਾਲੇ ਕੰਮਾਂ ਦੇ ਬੰਦ ਹੋਣ ਨਾਲ ਮਜ਼ਦੂਰਾਂ ਦੇ ਰੁਜ਼ਗਾਰ ਦੇ ਨਾਲ ਪੇਂਡੂ ਵਿਕਾਸ ਵੀ ਪ੍ਰਭਾਵਿਤ ਹੋ ਰਿਹਾ | ਇਸ ਤੋਂ ਇਲਾਵਾ ਉਨ੍ਹਾਂ ਪੰਜਾਬ ਵਿਚ ਆਉਣ ਵਾਲੇ ਪ੍ਰਵਾਸੀ ਲੋਕਾਂ ਦੀ ਵੋਟ ਬਣਾਉਣ ਅਤੇ ਜ਼ਮੀਨ ਖ਼ਰੀਦਣ 'ਤੇ ਪਾਬੰਦੀ ਲਗਾਉਣ ਅਤੇ ਪੰਜਾਬ ਅੰਦਰ ਲੱਗਣ ਵਾਲੇ ਉਦਯੋਗਾਂ ਵਿਚ 80 ਫ਼ੀਸਦੀ ਪੰਜਾਬੀਆਂ ਲਈ ਰੁਜ਼ਗਾਰ ਗਰੰਟੀ ਕਾਨੂੰਨ ਲਾਗੂ ਕਰਨ ਦੀ ਮੰਗ ਕੀਤੀ | ਸਮਾਓ ਅਤੇ ਸੇਮਾ ਨੇ ਮਜ਼ਦੂਰਾਂ ਨੂੰ ਮਨਰੇਗਾ ਰੁਜ਼ਗਾਰ ਖੋਹਣ ਖ਼ਿਲਾਫ਼ ਸੜਕਾਂ 'ਤੇ ਆਉਣ ਦੀ ਅਪੀਲ ਕਰਦਿਆਂ ਐਲਾਨ ਕੀਤਾ ਕਿ ਜੇਕਰ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਪੰਜਾਬ ਸਰਕਾਰ ਨੇ ਮਨਰੇਗਾ ਕੰਮਾਂ ਦੀ ਮੁੜ ਬਹਾਲੀ ਦਾ ਮਤਾ ਪਾਸ ਨਾ ਕੀਤਾ ਤਾਂ 29 ਸਤੰਬਰ ਨੂੰ ਪੰਜਾਬ ਭਰ ਵਿਚ ਜ਼ਿਲ੍ਹਾ ਮੁਖ ਦਫ਼ਤਰਾਂ ਮੂਹਰੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ | ਇਸ ਮੌਕੇ ਸ਼ਿੰਗਾਰਾ ਸਿੰਘ ਚੌਹਾਨ ਕੇ, ਬਲਜੀਤ ਕੌਰ ਸਿੱਖਾਂ ਵਾਲਾ, ਮਨਜੀਤ ਰਾਜ ਬਟਾਲਾ, ਸੁਖਜੀਵਨ ਸਿੰਘ ਮੌੜ, ਪ੍ਰਦੀਪ ਗੁਰੂ, ਜਸਵੰਤ ਸਿੰਘ ਖ਼ਾਲਸਾ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਪੰਜਾਬ ਦੇ ਸਮੂਹ ਡਿਗਰੀ ਕਾਲਜ 23 ਸਤੰਬਰ ਨੂੰ 'ਵਿਸ਼ਵ ਪੰਜਾਬੀ ਦਿਵਸ' ਵਜੋਂ ਮਨਾਉਣ- ਚੱਠਾ ਅਗਲੀ ਖ਼ਬਰ ਝੋਨੇ ਦੀ ਸਟੋਰੇਜ ਲਈ 480 ਰਾਈਸ ਮਿੱਲਾਂ ਦੀ ਖ਼ਰੀਦ ਏਜੰਸੀਆਂ ਨੂੰ ਅਲਾਟਮੈਂਟ ਕੀਤੀ ਗਈ- ਡੀ. ਸੀ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।