ਰਾਮਪੁਰਾ ਫੂਲ, 17 ਅਕਤੂਬਰ (ਸ਼ਰਮਾ): ਸਿਵਲ ਸਰਜਨ ਬਠਿੰਡਾ ਡਾਕਟਰ ਤਪਿੰਦਰਜੋਤ ਕੌਂਸਲ, ਜ਼ਿਲ੍ਹਾ ਸਿਹਤ ਅਫ਼ਸਰ ਡਾਕਟਰ ਊਸ਼ਾ ਗੋਇਲ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾਕਟਰ ਸੁਕਰੀਤੀ ਸ਼ਰਮਾ, ਸੀਨੀਅਰ ਮੈਡੀਕਲ ਅਫ਼ਸਰ ਰਾਮਪੁਰਾ ਫੂਲ ਡਾਕਟਰ ਗੁਰਪ੍ਰੀਤ ਸਿੰਘ ਮਾਹਲ ਅਤੇ ਸੀਨੀਅਰ ਮੈਡੀਕਲ ਅਫ਼ਸਰ ਭਗਤਾ ਭਾਈ ਕਾ ਡਾਕਟਰ ਸੀਮਾ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਸ਼ਹਿਰ ਰਾਮਪੁਰਾ ਫੂਲ ਵਿਖੇ ਮੱਛਰਾਂ ਦੀ ਪੈਦਾਵਾਰ ਨੂੰ ਰੋਕਣ ਲਈ ਜਾਗਰੂਕਤਾ ਮੁਹਿੰਮ ਚਲਾਈ ਗਈ ਹੈ | ਇਸ ਮੌਕੇ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਬਲਵੀਰ ਸਿੰਘ ਸੰਧੂ ਕਲਾਂ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਟੀਮਾਂ ਬਣਾ ਕੇ ਰਾਮਪੁਰਾ ਫੂਲ ਵਿਖੇ ਸਰਕਾਰੀ ਦਫ਼ਤਰ, ਸਕੂਲ ਅਤੇ ਘਰਾਂ ਦੀ ਵਿਜ਼ਟ ਕਰਕੇ ਮੱਛਰਾਂ ਦੀ ਪੈਦਾਇਸ਼ ਵਾਲੀਆਂ ਥਾਵਾਂ ਦੀ ਸ਼ਨਾਖਤ ਕਰਕੇ ਮੱਛਰਾਂ ਦੇ ਪਨਪਣ ਦੇ ਆਸਾਰ ਵਾਲੀਆ ਥਾਵਾਂ ਦੀ ਮੌਕੇ 'ਤੇ ਸਫ਼ਾਈ ਕਰਵਾਈ ਜਾ ਰਹੀ ਹੈ ਤਾਂ ਜੋ ਸਮਾਜ ਨੂੰ ਡੇਂਗੂ, ਮਲੇਰੀਆ ਤੋਂ ਬਚਾਇਆ ਜਾ ਸਕੇ, ਲੋਕਾਂ ਨੂੰ ਆਪੋ ਆਪਣੇ ਘਰਾਂ ਅਤੇ ਘਰਾਂ ਦੇ ਆਲੇ ਦੁਆਲੇ ਸਫ਼ਾਈ ਰੱਖਣ ਲਈ ਵੀ ਜਾਗਰੂਕ ਕੀਤਾ ਜਾ ਰਿਹਾ | ਇਸ ਮੌਕੇ ਮਲਟੀਪਰਪਜ਼ ਹੈਲਥ ਵਰਕਰਜ਼ ਜਸਵਿੰਦਰ ਸਿੰਘ, ਨਰਪਿੰਦਰ ਸਿੰਘ ਅਤੇ ਬਰੀਡਿੰਗ ਵਰਕਰਜ਼ ਮੌਜੂਦ ਸਨ |