ਮਾਛੀਵਾੜਾ ਸਾਹਿਬ, 16 ਜੂਨ (ਰਾਜਦੀਪ ਸਿੰਘ ਅਲਬੇਲਾ)-ਅੱਜ ਬਾਅਦ ਦੁਪਹਿਰ ਅਚਨਚੇਤ ਹੋਈ ਭਾਰੀ ਬਾਰਿਸ਼ ਕਾਰਨ ਮਾਛੀਵਾੜਾ ਅਨਾਜ ਮੰਡੀ ਜਲਥਲ ਹੋ ਗਈ ਅਤੇ ਕਿਸਾਨਾਂ ਦੀ ਵਿਕਣ ਆਈ ਮੱਕੀ ਦੀ ਫ਼ਸਲ ਭਿੱਜ ਗਈ ਅਤੇ ਕੁੱਝ ਪਾਣੀ ਵਿਚ ਡੁੱਬ ਗਈ¢ ਮੰਡੀ ਵਿਚ ਮੱਕੀ ਦੀ ਫ਼ਸਲ ਵੇਚਣ ਆਏ ਕਿਸਾਨ ਦਵਿੰਦਰ ਸਿੰਘ ਤੇ ਤਾਰਾ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਅਚਨਚੇਤ ਆਇਆ ਮੀਂਹ ਕੁਦਰਤੀ ਕਰੋਪੀ ਹੈ, ਜਿਸ ਨਾਲ ਕਿਸਾਨਾਂ ਦਾ ਆਰਥਿਕ ਨੁਕਸਾਨ ਹੋਇਆ | ਉੱਥੇ ਦੂਜੇ ਪਾਸੇ ਝੋਨੇ ਦੀ ਬਿਜਾਈ ਲਈ ਇਹ ਬਾਰਸ਼ ਲਾਹੇਵੰਦ ਸਾਬਤ ਹੋਈ ਹੈ ਕਿਉਂਕਿ ਇਸ ਨਾਲ ਡੀਜ਼ਲ ਦੀ ਖਪਤ ਨਹੀਂ ਹੋਵੇਗੀ¢ ਉਨ੍ਹਾਂ ਕਿਹਾ ਕਿ ਮੰਡੀ ਵਿਚ ਸੀਵਰੇਜ ਸੁਚਾਰੂ ਢੰਗ ਨਾਲ ਚੱਲਣ ਕਾਰਨ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ, ਜਿਸ ਕਾਰਨ ਫ਼ਸਲ ਪਾਣੀ ਵਿਚ ਡੁੱਬ ਕੇ ਖ਼ਰਾਬ ਹੋ ਗਈ¢ ਭਾਵੇਂ ਆੜਤੀਆਂ ਵਲੋਂ ਮਜ਼ਦੂਰਾਂ ਨੂੰ ਤਰਪਾਲਾਂ ਆਦਿ ਦੇ ਕੇ ਫ਼ਸਲ ਨੂੰ ਢੱਕ ਦਿੱਤਾ | ਪਰ ਤੇਜ਼ ਆਈ ਹਨ੍ਹੇਰੀ ਕਾਰਨ ਸਭ ਕੁੱਝ ਉੱਡ ਗਿਆ ਤੇ ਫ਼ਸਲ ਖ਼ਰਾਬ ਹੋ ਗਈ¢ ਕਿਸਾਨਾਂ ਨੇ ਕਿਹਾ ਕਿ ਇਸ ਅਚਨਚੇਤ ਮੀਂਹ ਕਾਰਨ ਭਾਵੇਂ ਮੱਕੀ ਦੀ ਫ਼ਸਲ ਖ਼ਰਾਬ ਹੋ ਗਈ | ਪਰ ਉੱਥੇ ਦੂਜੇ ਪਾਸੇ ਝੋਨੇ ਦੀ ਫ਼ਸਲ ਲਈ ਲਾਹੇਵੰਦ ਸਾਬਤ ਹੋਈ, ਜਿਸ ਨਾਲ ਕਿਸਾਨਾਂ ਨੂੰ ਧਰਤੀ ਹੇਠਲੇ ਪਾਣੀ ਦੀ ਘੱਟ ਵਰਤੋਂ ਹੋਵੇਗੀ¢ ਕਿਸਾਨਾਂ ਨੇ ਕਿਹਾ ਕਿ ਅੱਤ ਦੀ ਪੈ ਰਹੀ ਗਰਮੀ ਤੋਂ ਆਮ ਲੋਕਾਂ ਦੇ ਨਾਲ ਨਾਲ ਪਸ਼ੂ, ਪੰਛੀਆਂ ਨੂੰ ਵੀ ਰਾਹਤ ਮਿਲੀ ਹੈ¢ ਆੜਤੀ ਐਸੋਸੀਏਸ਼ਨ ਦੇ ਸੂਬਾ ਸਕੱਤਰ ਅਰਵਿੰਦਰਪਾਲ ਸਿੰਘ ਵਿਕੀ ਨੇ ਕਿਹਾ ਕਿ ਅਚਾਨਕ ਆਏ ਮੀਂਹ ਕਾਰਨ ਮੰਡੀ ਵਿਚ ਪਹੁੰਚੀ ਮੱਕੀ ਦੀ ਫ਼ਸਲ ਕਾਫ਼ੀ ਹੱਦ ਤੱਕ ਸੰਭਾਲੀ ਗਈ ਸੀ, ਪਰ ਤੇਜ਼ ਹਵਾ ਅੱਗੇ ਅਸੀਂ ਬੇਵੱਸ ਹੋ ਗਏ¢ ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਉਨ੍ਹਾਂ ਦੀ ਫ਼ਸਲ ਆਉਣ ਵਾਲੇ ਦਿਨਾਂ ਵਿਚ ਸੰਭਾਲ ਲਈ ਜਾਵੇਗੀ¢ ਉਨ੍ਹਾਂ ਕਿਹਾ ਕਿ ਭਾਵੇਂ ਸਾਡੇ ਕੋਲ ਮਜ਼ਦੂਰਾਂ ਦੀ ਘਾਟ ਨਹੀਂ ਹੈ | ਪਰ ਫਿਰ ਵੀ ਉਹ ਕੁਦਰਤ ਅੱਗੇ ਬੇਵੱਸ ਹੋ ਜਾਂਦੇ ਹਨ¢
ਅਚਨਚੇਤ ਹੋਈ ਭਾਰੀ ਬਾਰਿਸ਼ ਨਾਲ ਅਨਾਜ ਮੰਡੀ ਹੋਈ ਜਲਥਲ
ਅਜੀਤ ਡੈਸਕ
17-06-2025