ਸਾਹਨੇਵਾਲ, 17 ਜੂਨ (ਹਨੀ ਚਾਠਲੀ)-ਅੱਜ ਸਾਹਨੇਵਾਲ ਕਸਬੇ 'ਚ ਪਈ ਭਾਰੀ ਬਾਰਸ਼ ਕਾਰਨ ਜਿੱਥੇ ਕਸਬਾ ਵਾਸੀਆਂ ਨੰੂ ਗਰਮੀ ਤੋਂ ਕੁੱਝ ਰਾਹਤ ਮਿਲੀ, ਉੱਥੇ ਹੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਬਾਰਸ਼ ਦੇ ਪਾਣੀ ਨੇ ਨਗਰ ਕੌਂਸਲ ਸਾਹਨੇਵਾਲ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ, ਜਿੱਥੇ ਪ੍ਰਸ਼ਾਸਨ ਦੁਆਰਾ ਇਹ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਸਨ ਕਿ ਪਾਣੀ ਦੀ ਨਿਕਾਸੀ ਦੇ ਸਾਰੇ ਪ੍ਰਬੰਧ ਪੂਰੇ ਕਰ ਦਿੱਤੇ ਗਏ ਹਨ ਪਰ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਸਾਰੇ ਦਾਅਵੇ ਖੋਖਲੇ ਸਾਬਤ ਹੋ ਕੇ ਰਹਿ ਗਏ ਹਨ | ਜਾਣਕਾਰੀ ਅਨੁਸਾਰ ਅੱਜ ਤੜਕਸਾਰ ਸਵੇਰੇ 4 ਵਜੇ ਦੇ ਕਰੀਬ ਬਾਰਸ਼ ਸ਼ੁਰੂ ਹੋ ਗਈ ਅਤੇ ਦੇਖਦੇ ਹੀ ਦੇਖਦੇ ਬਾਰਸ਼ ਐਨੀ ਜ਼ਿਆਦਾ ਤੇਜ ਸੀ ਕਿ ਸਾਹਨੇਵਾਲ ਕਸਬੇ ਦੀਆਂ ਗਲੀਆਂ, ਮੁਹੱਲਿਆਂ ਅਤੇ ਬਾਜ਼ਾਰਾਂ ਵਿਚ ਬਾਰਸ਼ ਦੇ ਪਾਣੀ ਨੇ ਨਦੀ ਦਾ ਰੂਪ ਧਾਰ ਲਿਆ | ਇਸ ਬਰਸਾਤੀ ਪਾਣੀ ਦੇ ਨਾਲ ਜਿੱਥੇ ਆਮ ਜਨਤਾ ਨੰੂ ਆਉਣ ਜਾਣ ਵਿਚ ਭਾਰੀ ਪ੍ਰੇਸ਼ਾਨੀ ਹੋਈ ਉੱਥੇ ਕਈ ਦੁਕਾਨਾਂ ਅੰਦਰ ਵੀ ਬਾਰਸ਼ ਦਾ ਪਾਣੀ ਚਲਾ ਗਿਆ | ਇਲਾਕਾ ਨਿਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਭਾਵੇਂ ਸਾਹਨੇਵਾਲ ਨਗਰ ਕੌਂਸਲ ਵਲੋਂ ਸੀਵਰੇਜ ਪਾਇਆ ਹੋਇਆ ਹੈ, ਪਰ ਉਸ ਸੀਵਰੇਜ ਦੀਆਂ ਪਾਈਪਾਂ ਇੰਨੀਆਂ ਛੋਟੀਆਂ ਹਨ ਕਿ ਬਰਸਾਤੀ ਪਾਣੀ ਦਾ ਨਿਕਾਸ ਜਲਦੀ ਨਹੀਂ ਹੋ ਸਕਦਾ |