13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਪੰਚਾਇਤੀ ਜ਼ਮੀਨ ਦੀ ਬੋਲੀ ਵਿਚ ਘਪਲੇਬਾਜ਼ੀ ਦੇ ਦੋਸ਼ਾਂ ਨੂੰ ਲੈ ਕੇ ਬੀ. ਡੀ. ਪੀ. ਓ. ਦਫ਼ਤਰ ਵਿਚ ਮਾਹੌਲ ਗਰਮਾਇਆ <br/>

ਅਜੀਤ ਡੈਸਕ 18-06-2025
ਮਾਛੀਵਾੜਾ ਸਾਹਿਬ, 17 ਜੂਨ (ਰਾਜਦੀਪ ਸਿੰਘ ਅਲਬੇਲਾ)-ਨੇੜਲੇ ਪਿੰਡ ਬਰਮਾ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਨੂੰ ਲੈ ਕੇ ਅੱਜ ਬੀ. ਡੀ. ਪੀ. ਓ. ਦਫ਼ਤਰ ਵਿਚ ਮਾਹੌਲ ਗਰਮਾਇਆ | ਸਰਪੰਚ, ਪੰਚਾਇਤ ਸਕੱਤਰ ਇੱਕ ਪਾਸੇ ਅਤੇ ਕਾਸ਼ਤਕਾਰ ਤੇ 4 ਪੰਚਾਇਤ ਮੈਂਬਰ ਦੂਜੀ ਧਿਰ ਵਿਚਕਾਰ ਤਕਰਾਰਬਾਜ਼ੀ ਦੇਖਣ ਨੂੰ ਮਿਲੀ | ਪਿੰਡ ਬਰਮਾ ਦੀ ਪੰਚਾਇਤੀ ਜ਼ਮੀਨ 'ਤੇ ਕਾਸ਼ਤ ਕਰ ਰਹੇ ਕਿਸਾਨ ਕੁਲਵਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪੰਚਾਇਤੀ ਜ਼ਮੀਨ ਦੀ ਨਵੀਂ ਬੋਲੀ ਸਬੰਧੀ ਉਸ ਨੂੰ ਕੋਈ ਸੂਚਨਾ ਨਹੀਂ ਦਿੱਤੀ ਗਈ | ਉਸ ਨੇ ਪੰਚਾਇਤ ਸਕੱਤਰ ਕੁਲਦੀਪ ਸਿੰਘ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਬੋਲੀ ਮਿਲੀਭੁਗਤ ਨਾਲ ਹੋਈ, ਜਿਸ ਵਿਚ ਘਪਲੇਬਾਜ਼ੀ ਕੀਤੀ ਗਈ ਹੈ | ਉਸ ਨੇ ਦੱਸਿਆ ਕਿ ਉਸ ਵਲੋਂ ਪੰਚਾਇਤ ਸਕੱਤਰ ਨੂੰ ਕਈ ਵਾਰ ਫੋਨ 'ਤੇ ਪੁੱਛਿਆ ਕਿ ਉਹ ਪਹਿਲਾਂ ਪੰਚਾਇਤੀ ਜ਼ਮੀਨ 'ਤੇ ਖੇਤੀ ਕਰਦਾ ਹੈ ਜੋ ਇਸ ਵਾਰ ਵੀ ਪੰਚਾਇਤੀ ਜ਼ਮੀਨ ਲੈਣ ਦਾ ਚਾਹਵਾਨ ਹੈ, ਇਸ ਲਈ ਜਦੋਂ ਵੀ ਪੰਚਾਇਤੀ ਬੋਲੀ ਹੋਵੇ ਉਸ ਨੂੰ ਜ਼ਰੂਰ ਜਾਣਕਾਰੀ ਦਿੱਤੀ ਜਾਵੇ | ਕਿਸਾਨ ਨੇ ਕਿਹਾ ਕਿ ਪਿਛਲੇ ਸਾਲ ਨਾਲੋਂ ਸਰਕਾਰ ਦੇ ਨਿਯਮਾਂ ਅਨੁਸਾਰ 20 ਤੋਂ 30 ਫ਼ੀਸਦੀ ਵੱਧ ਭਾਅ 'ਤੇ ਪੰਚਾਇਤੀ ਜ਼ਮੀਨ ਦੀ ਬੋਲੀ ਲੈਣ ਨੂੰ ਤਿਆਰ ਹੈ, ਪਰ ਪੰਚਾਇਤ ਸਕੱਤਰ ਨੇ ਨਿਯਮਾਂ ਦੇ ਉਲਟ ਜਾ ਕੇ ਦੋ ਵਾਰ ਚੁੱਪ ਚੁਪੀਤੇ ਬੋਲੀ ਰੱਦ ਕਰ 5 ਫ਼ੀਸਦੀ ਵਾਧੇ 'ਤੇ ਕਿਸੇ ਹੋਰ ਵਿਅਕਤੀ ਨੂੰ ਠੇਕੇ 'ਤੇ ਦੇ ਦਿੱਤੀ | ਕਿਸਾਨ ਨੇ ਕਿਹਾ ਕਿ 7 ਪੰਚਾਂ 'ਚੋਂ 4 ਪੰਚ ਤਰਸੇਮ ਸਿੰਘ, ਮਨਪ੍ਰੀਤ ਸਿੰਘ, ਕੁਲਦੀਪ ਕੌਰ, ਅਮਰਜੀਤ ਕੌਰ ਜੋ ਪਿੰਡ ਵਿਚ ਹੀ ਰਹਿੰਦੇ ਹਨ | ਉਨ੍ਹਾਂ ਨੂੰ ਵੀ ਨਹੀਂ ਪਤਾ ਕਿ ਪੰਚਾਇਤ ਦੀ ਬੋਲੀ 2 ਵਾਰ ਪਹਿਲਾਂ ਕਦੋਂ ਰੱਦ ਹੋਈ ਅਤੇ ਤੀਜੀ ਵਾਰ ਕਦੋਂ 5 ਫ਼ੀਸਦੀ ਵਾਧੇ 'ਤੇ ਦੇ ਦਿੱਤੀ ਗਈ | ਕਿਸਾਨ ਕੁਲਵਿੰਦਰ ਸਿੰਘ ਨੇ ਪੰਚਾਇਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਰੂਪ ਵਿਚ ਸ਼ਿਕਾਇਤ ਦੇ ਕੇ ਮੰਗ ਕੀਤੀ ਕਿ ਪੰਚਾਇਤੀ ਜ਼ਮੀਨ ਵਿਚ ਹੋਈ ਘਪਲੇਬਾਜ਼ੀ ਦੀ ਜਾਂਚ ਕਰਵਾਈ ਜਾਵੇ ਅਤੇ ਜੇਕਰ ਕਿਸੇ ਅਧਿਕਾਰੀ ਦੀ ਮਿਲੀਭੁਗਤ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ |
ਪੰਚਾਇਤੀ ਬੋਲੀ ਨਿਯਮਾਂ ਅਨੁਸਾਰ ਕਰਵਾਈ ਗਈ- ਸਕੱਤਰ
ਪਿੰਡ ਬਰਮਾ ਦੇ ਪੰਚਾਇਤ ਸਕੱਤਰ ਕੁਲਦੀਪ ਸਿੰਘ ਨੇ ਕਿਹਾ ਕਿ ਜੋ ਪੰਚਾਇਤੀ ਜ਼ਮੀਨ ਦੀ ਬੋਲੀ ਹੋਈ ਹੈ, ਉਹ ਬਿਲਕੁਲ ਨਿਯਮਾਂ ਮੁਤਾਬਿਕ ਹੋਈ ਹੈ | ਜਿਸ ਦੀ ਵੀਡੀਓਗ੍ਰਾਫ਼ੀ ਵੀ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਪੰਚਾਂ ਨੂੰ ਸੂਚਿਤ ਕਰਨਾ ਚੌਕੀਦਾਰ ਤੇ ਪੰਚਾਇਤ ਦਾ ਕੰਮ ਹੈ | ਉਨ੍ਹਾਂ ਕਿਹਾ ਕਿ ਨਿਯਮਾਂ ਅਨੁਸਾਰ 20 ਫ਼ੀਸਦੀ ਵਾਧੇ 'ਤੇ ਬੋਲੀ ਦਿੱਤੀ ਜਾਣੀ ਸੀ ਪਰ 2 ਵਾਰ ਕੋਈ ਬੋਲੀ ਦੇਣ ਨਹੀਂ ਆਇਆ ਇਸ ਲਈ ਘਟਾ ਕੇ 5 ਫ਼ੀਸਦੀ ਵਾਧੇ 'ਤੇ ਦੇ ਦਿੱਤੀ ਗਈ | ਜੇਕਰ ਪੰਚਾਇਤ ਵਿਭਾਗ ਦੇ ਉੱਚ ਅਧਿਕਾਰੀ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਨ ਤਾਂ ਇਸ ਵਿਚ ਕੌਣ ਸੱਚਾ ਕੌਣ ਝੂਠਾ ਅਤੇ ਕਿੱਥੇ ਘਪਲੇਬਾਜ਼ੀ ਹੋਈ ਹੈ ਜਾਂ ਨਹੀਂ ਸਭ ਕੁੱਝ ਸਾਹਮਣੇ ਆ ਸਕਦਾ ਹੈ | ਪਿੰਡ ਬਰਮਾ ਦੇ ਸਰਪੰਚ ਮਨਦੀਪ ਸਿੰਘ ਨੇ ਕਿਹਾ ਕਿ ਜੋ ਪੰਚਾਇਤ ਮੈਂਬਰ ਤੇ ਕਾਸ਼ਤਕਾਰ ਨੇ ਜੋ ਦੋਸ਼ ਲਗਾਏ ਹਨ, ਉਹ ਬਿਲਕੁਲ ਝੂਠੇ ਹਨ | ਉਸ ਨੇ ਕਿਹਾ ਕਿ ਪਿੰਡ ਦੇ 4 ਪੰਚਾਇਤ ਮੈਂਬਰ ਦੂਜੀ ਧਿਰ ਨਾਲ ਸਬੰਧਿਤ ਹੋਣ ਕਾਰਨ ਵਿਕਾਸ ਕਾਰਜਾਂ ਵਿਚ ਵੀ ਅੜਿੱਕਾ ਪਾਉਂਦੇ ਹਨ | ਉਨ੍ਹਾਂ ਕਿਹਾ ਕਿ ਜਦੋਂ ਵੀ ਪੰਚਾਇਤ ਦੀ ਕੋਈ ਮੀਟਿੰਗ ਕਰਵਾਉਣੀ ਹੁੰਦੀ ਹੈ ਤਾਂ ਇਹ ਸ਼ਾਮਲ ਨਹੀਂ ਹੁੰਦੇ | ਉਨ੍ਹਾਂ ਕਿਹਾ ਕਿ ਪਿੰਡ ਦੀ ਪੰਚਾਇਤੀ ਜ਼ਮੀਨ ਦੀ ਬੋਲੀ, ਵਿਕਾਸ ਕਾਰਜਾਂ ਅਤੇ ਹੋਰ ਕੰਮਾਂ ਸਬੰਧੀ ਇਨ੍ਹਾਂ 4 ਪੰਚਾਂ ਨੂੰ ਇਤਲਾਹ ਸਬੰਧੀ ਚੌਕੀਦਾਰ ਹੱਥੀਂ ਦੋ ਵਾਰ ਏਜੰਡਾ ਭੇਜਿਆ ਗਿਆ ਸੀ ਜਿਨ੍ਹਾਂ ਨੇ ਇਹ ਨਹੀਂ ਲਿਆ | ਸਰਪੰਚ ਨੇ ਕਿਹਾ ਕਿ ਪੰਚਾਇਤੀ ਜ਼ਮੀਨ ਦੀ ਬੋਲੀ ਬਿਲਕੁਲ ਨਿਯਮਾਂ ਅਨੁਸਾਰ ਹੋਈ ਹੈ ਜਿਸ ਵਿਚ ਕੋਈ ਘਪਲੇਬਾਜ਼ੀ ਨਹੀਂ ਹੋਈ |

ਪਿਛਲੀ ਖ਼ਬਰ ਪਹਿਲੀ ਬਰਸੀ 'ਤੇ ਵਿਸ਼ੇਸ਼ ਸਵ. ਕੁਲਵੰਤ ਸਿੰਘ ਸੰਧੂ (ਕਾਂਤੀ ਪ੍ਰਧਾਨ) <br/> ਅਗਲੀ ਖ਼ਬਰ ਨਗਰ ਕੌਂਸਲ ਸਾਹਨੇਵਾਲ ਦੇ ਦਾਅਵਿਆਂ ਦੀ ਖੱੁਲ੍ਹੀ ਪੋਲ, ਪੁਰਾਣੀ ਅਨਾਜ ਮੰਡੀ 'ਚ ਬਾਰਿਸ਼ ਦੇ ਪਾਣੀ ਨੇ ਨਦੀ ਦਾ ਰੂਪ ਧਾਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।