04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਘਪਲੇਬਾਜ਼ਾਂ ਨੂੰ ਮਿਲਦੀਆਂ ਨੇ ਤਰੱਕੀਆਂ- ਬੈਨੀਪਾਲ

ਅਜੀਤ ਡੈਸਕ 19-06-2025
ਖੰਨਾ, 18 ਜੂਨ (ਹਰਜਿੰਦਰ ਸਿੰਘ ਲਾਲ)-ਜੇਕਰ ਕਿਸੇ ਪਿੰਡ ਦਾ ਪੰਚ ਜਾਂ ਸਰਪੰਚ ਆਪਣੇ ਫ਼ਰਜ਼ਾਂ 'ਚ ਕੁਤਾਹੀ ਵਰਤਦਾ ਹੈ ਜਾਂ ਸਰਕਾਰੀ ਫ਼ੰਡਾਂ ਵਿਚ ਘਪਲਾ ਕਰਦਾ ਹੈ ਤਾਂ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਪੰਚ, ਸਰਪੰਚ ਨੂੰ ਉਸ ਦੇ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਜਾਂਦਾ ਹੈ | ਪਰ ਜੇਕਰ ਪੰਚਾਇਤ ਵਿਭਾਗ ਦੇ ਬੀ. ਡੀ. ਪੀ. ਓ. ਜਾਂ ਜੇ. ਈ. ਸਰਕਾਰ ਨੂੰ ਚੂਨਾ ਲਗਾਉਣ ਤਾਂ ਵਿਭਾਗ ਵੱਲੋਂ ਅਜਿਹੇ ਅਧਿਕਾਰੀਆਂ ਨੂੰ ਤਰੱਕੀਆਂ ਦੇ ਕੇ ਨਿਵਾਜਿਆ ਜਾਂਦਾ ਹੈ | ਇਸ ਦੀ ਤਾਜ਼ਾ ਉਦਾਹਰਨ ਬਲਾਕ ਖੰਨਾ 'ਚ ਹੋਏ ਸੋਲਰ ਲਾਈਟਾਂ ਦੇ ਕਥਿਤ ਘਪਲੇ ਵਿਚ ਦੋਸ਼ਾਂ ਦੇ ਨਿਸ਼ਾਨੇ ਤੇ ਆਏ ਅਧਿਕਾਰੀਆਂ ਨੂੰ ਮਿਲੀਆਂ ਤਰੱਕੀਆਂ ਤੋਂ ਮਿਲਦੀ ਹੈ | ਇਹ ਦੋਸ਼ ਪਿੰਡ ਰੋਹਣੋਂ ਖ਼ੁਰਦ ਦੇ ਨੰਬਰਦਾਰ ਸੰਤੋਖ ਸਿੰਘ ਬੈਨੀਪਾਲ ਨੇ ਲਾਏ | ਉਨ੍ਹਾਂ ਕਿਹਾ ਕਿ ਸਾਲ 2020-21 ਦੌਰਾਨ ਬਲਾਕ ਖੰਨਾ ਦੇ 20 ਪਿੰਡਾਂ ਵਿਚ ਇਕ ਕਰੋੜ ਰੁਪਏ ਦੀ ਲਾਗਤ ਨਾਲ ਸੋਲਰ ਲਾਈਟਾਂ ਲਗਾਈਆ ਗਈਆਂ ਸਨ, ਸੋਲਰ ਲਾਈਟਾਂ ਲਗਾਉਣ ਸਮੇਂ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਸਰਕਾਰੀ ਹਦਾਇਤਾਂ ਦੀਆਂ ਉਲੰਘਣਾ ਕਰਕੇ ਸਰਕਾਰ ਨੂੰ ਵੱਡੇ ਪੱਧਰ ਤੇ ਚੂਨਾ ਲਗਾਇਆ ਗਿਆ ਸੀ | ਨੰਬਰਦਾਰ ਬੈਨੀਪਾਲ ਨੇ ਦੱਸਿਆ ਕਿ 20 ਪਿੰਡਾਂ ਨੂੰ ਪ੍ਰਤੀ ਪਿੰਡ 5-5 ਲੱਖ ਰੁਪਏ ਦੀ ਗਰਾਂਟ ਜਾਰੀ ਕਰਨੀ ਸੀ ਇਸ ਗਰਾਂਟ ਨਾਲ ਪਿੰਡ ਦੀ ਪੰਚਾਇਤ ਵੱਲੋਂ ਇਹ ਲਾਈਟਾਂ ਲਗਵਾਈਆਂ ਜਾਣੀਆਂ ਸਨ ਪ੍ਰੰਤੂ ਵਿਭਾਗ ਦੇ ਬੀ. ਡੀ. ਪੀ. ਓ. ਤੇ ਜੇ. ਈ. ਵਲੋਂ ਆਪਣੇ ਪੱਧਰ ਤੇ ਹੀ ਬਿਨਾਂ ਕਿਸੇ ਟੈਂਡਰ ਲਗਾਏ 20 ਪਿੰਡਾਂ ਵਿਚ ਇਹ ਸੋਲਰ ਲਾਈਟਾਂ ਲਗਾ ਦਿੱਤੀਆਂ, ਲਾਈਟਾਂ ਲਗਾਉਣ ਸਮੇਂ ਪੇਡਾ ਦੀਆਂ ਹਦਾਇਤਾਂ ਅਨੁਸਾਰ 5 ਲੱਖ ਰੁਪਏ ਦੇ ਉੱਪਰ ਦੇ ਕੰਮਾਂ ਲਈ ਟੈਂਡਰ ਲਗਾਏ ਜਾਂਦੇ ਹਨ, ਜਦਕਿ ਸਬੰਧਿਤ ਬੀ. ਡੀ. ਪੀ. ਓ. ਤੇ ਜੇ. ਈ. ਵੱਲੋਂ ਇਹ ਕੰਮ ਕੁਟੇਸ਼ਨਾਂ ਰਾਹੀਂ ਕੀਤਾ ਗਿਆ, ਤੇ ਇਨ੍ਹਾਂ ਕੁਟੇਸ਼ਨਾਂ ਉੱਪਰ ਕਿਸੇ ਵੀ ਸਮਰੱਥ ਅਧਿਕਾਰੀ ਦੇ ਹਸਤਾਖ਼ਰ ਵੀ ਨਹੀਂ ਹਨ ਅਤੇ ਖ਼ਰੀਦ ਬਿੱਲਾਂ ਦੀ ਅਦਾਇਗੀ ਐਮ.ਬੀ. ਵਿੱਚ ਦਰਜ਼ ਕੀਤੇ ਬਗੈਰ ਬਿਨਾਂ ਕਿਸੇ ਪਾਸ ਆਰਡਰਾਂ ਅਤੇ ਹਸਤਾਖਰਾਂ ਤੋਂ ਕਰ ਦਿੱਤੀ ਗਈ | ਬਿਨਾਂ ਐਮ. ਬੀ. ਤਿਆਰ ਕੀਤੇ ਹੀ ਸਬੰਧਤ ਜੇ. ਈ. ਵੱਲੋਂ ਯੂ. ਸੀ. (ਵਰਤੋਂ ਸਰਟੀਫਿਕੇਟ) ਤਿਆਰ ਕੀਤਾ ਗਿਆ ਹੈ | ਜਦਕਿ ਸੋਲਰ ਲਾਈਟਾਂ ਲਗਾਉਣ ਦਾ ਅਧਿਕਾਰ ਇਲੈਕਟਿ੍ਕ ਜੇ.ਈ. ਨੂੰ ਹੁੰਦਾ ਹੈ | ਲਾਈਟਾਂ ਲਗਾਉਣ ਤੋਂ ਪਹਿਲਾਂ ਪਿੰਡ ਦੀ ਪੰਚਾਇਤ ਮਤਾ ਪਾ ਕੇ ਬੀ. ਡੀ. ਪੀ. ਓ. ਨੂੰ ਭੇਜਦੀ ਹੈ ਫਿਰ ਬੀ. ਡੀ. ਪੀ. ਓ. ਵੱਲੋਂ ਮਤਾ ਅਗਲੇਰੀ ਕਾਰਵਾਈ ਸਬੰਧਿਤ ਵਿਭਾਗ ਨੂੰ ਭੇਜਿਆ ਜਾਂਦਾ ਹੈ | ਉਸ ਉਪਰੰਤ (ਇਲੈਕਟ੍ਰੀਕਲ) ਜੇ. ਈ. ਦੀ ਦੇਖ ਰੇਖ ਹੇਠ ਲਾਈਟਾਂ ਲਗਾਈਆਂ ਜਾਂਦੀਆਂ ਹਨ | ਪ੍ਰੰਤੂ ਬਲਾਕ ਖੰਨਾ ਦੇ 20 ਪਿੰਡਾਂ ਵਿਚ ਉਸ ਸਮੇਂ ਦੇ (ਦੋ) ਸਿਵਲ ਜੇ. ਈਜ਼. ਵਲੋਂ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਦੇ ਹੋਏ ਇਹ ਕੰਮ ਆਪਣੇ ਪੱਧਰ ਤੇ ਕਰਵਾਇਆ ਗਿਆ ਸੀ | ਜਿਸ ਅਧੀਨ ਮੈਟੀਰੀਅਲ ਵੀ ਚੰਗੀ ਕੁਆਲਿਟੀ ਦਾ ਨਹੀਂ ਵਰਤਿਆ ਗਿਆ ਸੀ |
ਨੰਬਰਦਾਰ ਬੈਨੀਪਾਲ ਨੇ ਦੋਸ਼ ਲਾਇਆ ਕਿ ਇਸ ਸਾਰੇ ਘਪਲੇ ਦੀ ਜਾਂਚ ਮੁੱਖ ਮੰਤਰੀ ਪੰਜਾਬ ਨੂੰ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਕਾਰਜਕਾਰੀ ਇੰਜੀਨੀਅਰ (ਬਿਜਲੀ) ਪੰਚਾਇਤੀ ਰਾਜ ਪੰਜਾਬ ਵੱਲੋਂ ਕੀਤੀ ਗਈ, ਜਿਸ ਦੌਰਾਨ 25 ਲੱਖ ਦੇ ਕਰੀਬ ਘਪਲਾ ਪਾਇਆ ਗਿਆ, ਇਸ ਸਾਰੀ ਪੜਤਾਲ ਤੋਂ ਬਾਅਦ ਮੌਕੇ ਦੇ ਬੀ. ਡੀ. ਪੀ. ਓ., ਬਲਾਕ ਦੇ ਜੇ. ਈ./ਏ. ਈ. ਸਮੇਤ ਠੇਕੇਦਾਰ ਦੋਸ਼ੀ ਪਾਏ ਗਏ ਸਨ ਤੇ ਹੁਣ ਚਲਦੀ ਪੜਤਾਲ ਦੌਰਾਨ ਹੀ ਪੰਚਾਇਤ ਵਿਭਾਗ ਵਲੋਂ ਇਨ੍ਹਾਂ ਸੋਲਰ ਲਾਈਟਾਂ ਦੇ ਘਪਲੇਬਾਜਾਂ ਨੂੰ ਤਰੱਕੀਆਂ ਦੇ ਕੇ ਨਿਵਾਜ ਦਿੱਤਾ ਗਿਆ ਹੈ |
ਪਿਛਲੀ ਖ਼ਬਰ ਵਿਆਹੁਤਾ ਵਲੋਂ ਪਤੀ ਤੇ ਸੱਸ ਵਲੋਂ ਦਾਜ ਦਹੇਜ ਲਈ ਤੰਗ ਪ੍ਰੇਸ਼ਾਨ ਕਰਨ 'ਤੇ ਚੁੱਕਿਆ ਖ਼ੌਫ਼ਨਾਕ ਕਦਮ-ਅੱਗ ਲਗਾ ਕੇ ਖ਼ੁਦ... ਅਗਲੀ ਖ਼ਬਰ ਸਤਲੁਜ ਰਾਹੋਂ ਪੁਲ ਦੀ ਗੁਣਵੱਤਾ ਜਾਂਚ ਆਈ. ਆਈ. ਟੀ. ਰੁੜਕੀ ਹਵਾਲੇ-ਰੋਕੇ ਜਾਣ ਦੇ ਬਾਵਜੂਦ ਭਾਰੀ ਵਾਹਨਾਂ ਦੀ ਆਵਾਜਾਈ ਜ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।