ਮਲੌਦ, 15 ਅਕਤੂਬਰ (ਸਹਾਰਨ ਮਾਜਰਾ)- ਉੱਘੇ ਦਲਿਤ ਸਮਾਜ ਦੇ ਆਗੂ ਮਾ. ਮਲਕੀਤ ਸਿੰਘ ਸਹਾਰਨ ਅਤੇ ਡਾ. ਕਰਨੈਲ ਸਿੰਘ ਕਾਲੀਆ (ਪੀ. ਐਚ. ਡੀ. ਗੁਰੂ ਰਵਿਦਾਸ) ਨੇ ਕਿਹਾ ਕਿ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਬੀ. ਆਰ ਗਵਈ ਨਾਲ ਇਕ ਵਕੀਲ ਵਲੋਂ ਕੀਤੀ ਗਈ ਕਥਿਤ ਹਰਕਤ ਬਹੁਤ ਘਟੀਆ ਮਾਨਸਿਕਤਾ ਦਾ ਪ੍ਰਗਟਾਵਾ ਕਰਦੀ ਹੈ | ਉਨ੍ਹਾਂ ਕਿਹਾ ਕਿ ਇਹ ਘਟਨਾ ਸਿਰਫ਼ ਇਕ ਸਨਮਾਨਯੋਗ ਵਿਅਕਤੀ 'ਤੇ ਹਮਲਾ ਨਹੀਂ ਹੈ, ਸਗੋਂ ਇਹ ਉਸ ਸੰਸਥਾ 'ਤੇ ਹੈ ਜਿਸ ਨਿਆਂ ਪ੍ਰਣਾਲੀ 'ਤੇ ਪੂਰੀ ਦੁਨੀਆਂ ਇਨਸਾਫ਼ ਦੀ ਆਸ ਰੱਖਦੀ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਆਜ਼ਾਦੀ ਦੇ 75 ਸਾਲ ਬੀਤਣ ਦੌਰਾਨ ਰਾਜ ਕਰਤਾ ਸਿਆਸੀ ਪਾਰਟੀਆਂ ਵਲੋਂ ਅਨੁਸੂਚਿਤ ਜਾਤੀਆਂ ਤੇ ਪਛੜੀਆਂ ਸ਼੍ਰੇਣੀਆਂ ਨੂੰ ਨੁੱਕਰੇ ਲਗਾਉਣ ਲਈ ਯਤਨ ਕੀਤੇ ਅਤੇ ਉਨ੍ਹਾਂ ਦੇ ਹੱਕਾਂ ਤੇ ਡਾਕਾ ਮਾਰਿਆ ਗਿਆ | ਉਨ੍ਹਾਂ ਅੰਦਰ ਜਾਤੀਵਾਦੀ ਸੋਚ ਘਰ ਕਰੀ ਬੈਠੀ ਹੈ | ਉਨ੍ਹਾਂ ਕਿਹਾ ਕਿ ਹਰਿਆਣਾ ਦੇ ਆਈ. ਪੀ. ਐਸ. ਅਧਿਕਾਰੀ ਵਲੋਂ ਆਤਮਹੱਤਿਆ ਕਰਨੀ ਘਟੀਆ ਮਾਨਸਿਕਤਾ ਵਾਲੇ ਲੋਕਾਂ ਵਲੋਂ ਘਿਣਾਉਣੀ ਹਰਕਤ ਦਾ ਨਤੀਜਾ ਹੈ | ਇਹ ਲੋਕ ਆਪਣੇ ਬਲਬੂਤੇ ਅਤੇ ਯੋਗਤਾ ਨਾਲ ਉੱਚ ਅਹੁਦਿਆਂ 'ਤੇ ਬੈਠੇ ਦਲਿਤ ਸਮਾਜ ਦੇ ਲੋਕਾਂ ਨੂੰ ਅਜੇ ਵੀ ਘਟੀਆ ਅੱਖਾਂ ਨਾਲ ਵੇਖਦੇ ਹਨ | ਮਾ. ਸਹਾਰਨ ਮਾਜਰਾ ਅਤੇ ਡਾ. ਕਾਲੀਆ ਨੇ ਕਿਹਾ ਕਿ ਦਲਿਤ ਸਮਾਜ ਦੇ ਐਮ. ਐਲ. ਏ. ਜਾਂ ਐਮ. ਪੀ. ਵੀ ਇਹੋ ਜਿਹੀਆਂ ਘਟਨਾਵਾਂ ਦੇ ਰੋਸ ਵਜੋਂ ਮੂੰਹ ਨਹੀਂ ਖੋਲ੍ਹਦੇ | ਉਨ੍ਹਾਂ ਘੋਰ ਨਿੰਦਾ ਕਰਦਿਆਂ ਕਿਹਾ ਕਿ ਜਦੋਂ ਵੋਟਾਂ ਪ੍ਰਾਪਤੀਆਂ ਸਮੇਂ ਬਾਬਾ ਸਾਹਿਬ ਅੰਬੇਡਕਰ ਦਾ ਨਾਮ ਵਰਤਣਾ ਸ਼ੁਰੂ ਕਰ ਦਿੰਦੇ ਹਨ | ਰਾਜਗੱਦੀਆਂ 'ਤੇ ਬੈਠ ਕੇ ਬਾਬਾ ਸਾਹਿਬ ਦੀ ਨਿੰਦਾ ਕਰਨੀ ਅਤੇ ਸੰਵਿਧਾਨ ਬਾਰੇ ਕਿੰਤੂ ਕਰਨ ਲਗਦੇ ਹਨ |