ਬਰਨਾਲਾ, 16 ਜੂਨ (ਗੁਰਪ੍ਰੀਤ ਸਿੰਘ ਲਾਡੀ, ਨਰਿੰਦਰ ਅਰੋੜਾ)-ਸੱਤਾਧਾਰੀ ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਸ਼ਹਿਰ ਬਰਨਾਲਾ ਵਿਚ ਵਿਕਾਸ ਕੀਤੇ ਜਾਣ ਦੇ ਵੱਡੇ-ਵੱਡੇ ਦਾਅਵੇ ਕਰਦਿਆਂ ਜਿੱਥੇ ਵੱਡੀ ਪੱਧਰ 'ਤੇ ਪਿਛਲੇ ਕਈ ਮਹੀਨਿਆਂ ਦੌਰਾਨ ਨੀਂਹ ਪੱਥਰ ਰੱਖੇ ਗਏ ਹਨ ਉੱਥੇ ਦੂਸਰੇ ਪਾਸੇ ਜੇਕਰ ਨੀਂਹ ਪੱਥਰ ਰੱਖੇ ਜਾਣ ਤੋਂ ਬਾਅਦ ਜ਼ਮੀਨੀ ਪੱਧਰ 'ਤੇ ਇਹ ਕੰਮ ਕਿੰਨੇ ਕੁ ਸ਼ੁਰੂ ਹੋਏ ਜਾਂ ਮੁਕੰਮਲ ਹੋਏ ਹਨ ਸਬੰਧੀ ਨਜ਼ਰ ਮਾਰੀ ਜਾਵੇ ਤਾਂ ਹੈਰਾਨੀ ਹੁੰਦੀ ਹੈ ਕਿ ਸ਼ਾਇਦ ਸੱਤਾਧਾਰੀ ਧਿਰ ਦੇ ਆਗੂ ਸਿਰਫ਼ ਨੀਂਹ ਪੱਥਰ ਰੱਖਣ ਤੱਕ ਹੀ ਸੀਮਤ ਹਨ ਅਤੇ ਉਨ੍ਹਾਂ ਨੂੰ ਕੰਮਾਂ ਦੇ ਸ਼ੁਰੂ ਹੋਣ ਜਾਂ ਮੁਕੰਮਲ ਹੋਣ ਨਾਲ ਕੋਈ ਸਰੋਕਾਰ ਨਹੀਂ ਹੈ | ਅਜਿਹੀ ਹੀ ਇੱਕ ਉਦਾਹਰਨ ਪਿੰਡ ਸੰਘੇੜਾ ਵਿਖੇ ਨਗਰ ਕੌਂਸਲ ਬਰਨਾਲਾ ਵਲੋਂ ਬਣਾਏ ਜਾ ਰਹੇ ਸਟੇਡੀਅਮ ਨੂੰ ਦੇਖ ਕੇ ਸਾਹਮਣੇ ਆਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਕੌਂਸਲ ਬਰਨਾਲਾ ਵਲੋਂ ਸੰਘੇੜਾ ਵਿਖੇ 70 ਲੱਖ ਰੁਪਏ ਦੀ ਲਾਗਤ ਨਾਲ ਸਟੇਡੀਅਮ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਕੰਮ ਦੀ ਸ਼ੁਰੂਆਤ ਦਾ ਨੀਂਹ ਪੱਥਰ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਵਲੋਂ 7 ਸਤੰਬਰ 2024 ਨੂੰ ਰੱਖਿਆ ਗਿਆ ਸੀ | ਪਰ ਇਹ ਕੰਮ ਨੀਂਹ ਪੱਥਰ ਰੱਖੇ ਜਾਣ ਤੋਂ 9 ਮਹੀਨਿਆਂ ਬਾਅਦ ਸਿਰਫ਼ ਚਾਰਦੀਵਾਰੀ ਬਣਾਏ ਜਾਣ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ ਜਦੋਂਕਿ ਸਬੰਧਿਤ ਠੇਕੇਦਾਰ ਵਲੋਂ 6 ਮਹੀਨਿਆਂ ਵਿਚ ਮੁਕੰਮਲ ਕੀਤਾ ਜਾਣਾ ਸੀ | ਇਸ ਸਟੇਡੀਅਮ ਵਿਚ ਕਬੱਡੀ ਗਰਾਊਾਡ, ਬਾਸਕਟਬਾਲ ਤੇ ਵਾਲੀਬਾਲ ਗਰਾਊਾਡ ਤੋਂ ਇਲਾਵਾ ਲੋਕਾਂ ਦੇ ਬੈਠਣ ਲਈ ਸ਼ੈੱਡ, ਚਾਰਦੀਵਾਰੀ ਉੱਪਰ ਜਾਲੀ ਅਤੇ ਟਾਇਲਟ ਬਲਾਕ ਆਦਿ ਬਣਾਏ ਜਾਣੇ ਸਨ | ਲੇਕਿਨ ਨਗਰ ਕੌਂਸਲ ਬਰਨਾਲਾ ਦੇ ਅਧਿਕਾਰੀਆਂ ਵਲੋਂ ਇਸ ਸਟੇਡੀਅਮ ਦੇ ਮੁਕੰਮਲ ਕੀਤੇ ਜਾਣ ਵੱਲ ਬਿਲਕੁਲ ਵੀ ਧਿਆਨ ਨਾ ਦੇਣ ਕਾਰਨ ਕੰਮ ਪਿਛਲੇ ਕਈ ਮਹੀਨਿਆਂ ਤੋਂ ਅੱਗੇ ਨਹੀਂ ਵੱਧ ਸਕਿਆ | ਜਿਸ ਕਾਰਨ ਪਿੰਡ ਸੰਘੇੜਾ ਦੇ ਲੋਕਾਂ ਵਿਚ 'ਆਪ' ਸਰਕਾਰ ਅਤੇ ਨਗਰ ਕੌਂਸਲ ਪ੍ਰਤੀ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ | ਜਦੋਂ ਇਸ ਸਬੰਧੀ ਸਟੇਡੀਅਮ ਬਣਾਉਣ ਵਾਲੀ ਗੁਰੂ ਕੰਨਸਟਰਕਸ਼ਨ ਕੰਪਨੀ ਦੇ ਬੀਰਬਲ ਠੇਕੇਦਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਦੇ ਅਧਿਕਾਰੀਆਂ ਵਲੋਂ ਸਟੇਡੀਅਮ ਵਿਚ ਕੀਤੇ ਜਾਣ ਵਾਲੇ ਵੱਖ-ਵੱਖ ਕੰਮਾਂ ਸਬੰਧੀ ਡਰਾਇੰਗਾਂ ਅਤੇ ਨਿਸ਼ਾਨਦੇਹੀ ਬਾਰੇ ਕੋਈ ਜਾਣਕਾਰੀ ਨਾ ਦੇਣ ਕਾਰਨ ਇਹ ਕੰਮ ਚਾਰਦੀਵਾਰੀ ਤੋਂ ਅੱਗੇ ਮੁਕੰਮਲ ਨਹੀਂ ਹੋ ਸਕਿਆ | ਨਗਰ ਕੌਂਸਲ ਬਰਨਾਲਾ ਦੇ ਏ.ਐਮ.ਈ. ਸਲੀਮ ਮੁਹੰਮਦ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੁੱਝ ਤਕਨੀਕੀ ਕਾਰਨਾਂ ਅਤੇ ਪਲੈਨਿੰਗ ਕਾਰਨ ਕੰਮ ਮੁਕੰਮਲ ਕਰਨ ਵਿਚ ਦੇਰੀ ਹੋ ਰਹੀ ਹੈ |
ਨਗਰ ਕੌਂਸਲ ਵਲੋਂ ਸੰਘੇੜਾ ਵਿਖੇ ਬਣਾਏ ਜਾ ਰਹੇ ਸਟੇਡੀਅਮ ਦਾ ਕੰਮ ਵੀ ਅੱਧ-ਵਿਚਾਲੇ ਰੁਕਿਆ <br/>
ਅਜੀਤ ਡੈਸਕ
17-06-2025