ਮਹਿਲ ਕਲਾਂ, 16 ਜੂਨ (ਅਵਤਾਰ ਸਿੰਘ ਅਣਖੀ)-ਕਲਿਆਣ ਰਜਵਾਹਾ (ਨੰਬਰ 57178) ਵਿਚੋਂ ਨਿਕਲਦੇ ਪਿੰਡ ਕਲਾਲ ਮਾਜਰਾ, ਕਿ੍ਪਾਲ ਸਿੰਘ ਵਾਲਾ ਦੋ ਪਿੰਡਾਂ ਦੇ ਸਾਂਝੇ ਮੋਘੇ 'ਚ ਪਿਛਲੇ ਤਿੰਨ ਸਾਲਾਂ ਤੋ ਪਾਣੀ ਨਾ ਆਉਣ ਕਰਕੇ ਸਬੰਧਿਤ ਕਿਸਾਨ ਮਾਨਸਿਕ ਪ੍ਰੇਸ਼ਾਨੀ ਵਿਚੋਂ ਲੰਘ ਰਹੇ ਹਨ | ਪੀੜਤ ਕਿਸਾਨਾਂ ਭਾਕਿਯੂ ਕਾਦੀਆਂ ਦੇ ਆਗੂ ਸੁਖਵਿੰਦਰ ਸਿੰਘ ਪੰਚ, ਕੇਸਰ ਸਿੰਘ, ਸਰਬਜੀਤ ਸਿੰਘ, ਹਰਪਾਲ ਸਿੰਘ ਕਿ੍ਪਾਲ ਸਿੰਘ ਵਾਲਾ, ਕਿੱਕਰ ਸਿੰਘ ਕਲੇਰ, ਜਸ਼ਨਪ੍ਰੀਤ ਸਿੰਘ, ਪਾਲ ਸਿੰਘ ਕਲੇਰ, ਸੁਖੀ ਸਿੰਘ ਆਦਿ ਦਾ ਕਹਿਣਾ ਹੈ ਕਿ 1994 ਤੋਂ ਹੋਂਦ ਵਿਚ ਆਏ ਇਸ ਮੋਘੇ 'ਚ ਪਾਣੀ ਦੀ ਨਾ ਆਉਣ ਦੀ ਮੁਸ਼ਕਲ ਨੂੰ ਹੱਲ ਕਰਵਾਉਣ ਲਈ ਮਿਲਣ ਗਏ ਕਿਸਾਨਾਂ ਨੂੰ ਸਬੰਧਿਤ ਮਹਿਕਮੇ ਦੇ ਅਧਿਕਾਰੀਆਂ ਵਲੋਂ ਕਹਿਣ 'ਤੇ ਕਿਸਾਨਾਂ ਪੱਲਿਉਂ ਖਰਚਾ ਕਰਕੇ ਇਸ ਖਾਲ਼ੇ ਦੀ ਸਫ਼ਾਈ ਕਰਵਾਈ ਗਈ ਅਤੇ ਦੋਵਾਂ ਪਿੰਡਾਂ ਦਾ ਸਾਰਾ ਰਕਬਾ ਚੱਕਬੰਦੀ 'ਚ ਸ਼ਾਮਿਲ ਕੀਤੇ ਜਾਣ ਦੇ ਬਾਵਜੂਦ ਵੀ ਅੱਜ ਤੱਕ ਪਾਣੀ ਦੀ ਇਕ ਤਿਪ ਵੀ ਖਾਲ 'ਚ ਨਹੀਂ ਆਈ | ਪੀੜਤ ਕਿਸਾਨਾਂ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਦੇ ਮੁੱਖ ਮੰਤਰੀ ਵਲੋਂ ਟੇਲਾਂ 'ਤੇ ਪਾਣੀ ਪਹੁੰਚਾਉਣ ਦੇ ਕੀਤੇ ਜਾ ਰਹੇ ਦਾਅਵੇ ਸਚਾਈ ਤੋਂ ਕੋਹਾਂ ਦੂਰ ਹਨ | ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬਲਾਕ ਪ੍ਰਧਾਨ ਪਰਮਜੀਤ ਸਿੰਘ ਢੀਂਡਸਾ, ਮੀਤ ਪ੍ਰਧਾਨ ਡਾ: ਸੁਖਦੀਪ ਸਿੰਘ ਗਿੱਲ ਕਲਾਲ ਮਾਜਰਾ, ਸਰਬਜੀਤ ਸਿੰਘ ਗੰਗੋਹਰ ਆਦਿ ਆਗੂਆਂ ਨੇ ਤਿੰਨ ਸਾਲਾਂ ਤੋਂ ਬੰਦ ਪਏ ਇਸ ਮੋਘੇ ਨੂੰ ਤੁਰੰਤ ਬਹਾਲ ਕਰਕੇ ਪਾਣੀ ਛੱਡਿਆ ਜਾਵੇ ਤਾਂ ਜੋ ਕਿਸਾਨਾਂ ਨੂੰ ਕੁੱਝ ਰਾਹਤ ਮਿਲ ਸਕੇ |
ਪਿੰਡ ਕਲਾਲ ਮਾਜਰਾ, ਕਿ੍ਪਾਲ ਸਿੰਘ ਵਾਲਾ ਮੋਘੇ 'ਚ ਪਿਛਲੇ ਤਿੰਨ ਸਾਲਾਂ ਤੋਂ ਪਾਣੀ ਨਾ ਆਉਣ ਕਾਰਨ ਕਿਸਾਨ ਦੁਖੀ <br/>
ਅਜੀਤ ਡੈਸਕ
17-06-2025