ਧਨੌਲਾ, 16 ਜੂਨ (ਜਤਿੰਦਰ ਸਿੰਘ ਧਨੌਲਾ)-ਇੰਸਪੈਕਟਰ ਜਗਜੀਤ ਸਿੰਘ ਨੇ ਥਾਣਾ ਧਨੌਲਾ ਦੇ ਮੁਖੀ ਵਜੋਂ ਚਾਰਜ ਸੰਭਾਲ ਲਿਆ ਹੈ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ. ਐਚ. ਓ. ਜਗਜੀਤ ਸਿੰਘ ਨੇ ਆਖਿਆ ਕਿ ਪੰਜਾਬ ਸਰਕਾਰ ਦੇ ਸਖ਼ਤ ਆਦੇਸ਼ ਅਨੁਸਾਰ ਅਮਨ ਕਾਨੂੰਨ ਭੰਗ ਕਰਨ ਵਾਲਿਆਂ ਨੂੰ ਸਖ਼ਤੀ ਨਾਲ ਨਜਿੱਠਣ ਦੇ ਆਦੇਸ਼ ਦਿੱਤੇ ਗਏ ਹਨ | ਜਿਸ ਨੂੰ ਇੰਨ ਬਿੰਨ ਲਾਗੂ ਕੀਤਾ ਜਾਵੇਗਾ | ਉਨ੍ਹਾਂ ਆਖਿਆ ਕਿ ਨਸ਼ਿਆਂ ਨੂੰ ਜੜ੍ਹੋਂ ਪੁੱਟਣ ਲਈ ਪੰਚਾਇਤਾਂ ਅਤੇ ਕਸਬਿਆਂ ਦੇ ਨੁਮਾਇੰਦਿਆਂ ਵਲੋਂ ਭਰਵਾਂ ਸਹਿਯੋਗ ਦਿੱਤਾ ਜਾ ਰਿਹਾ ਹੈ ਜਿਸ ਨਾਲ ਇਸ ਬੱਜਰ ਅਪਰਾਧ ਦਾ ਅੰਤ ਹੋ ਚੁੱਕਾ ਹੈ | ਗੁਰਦੁਆਰਾ ਰਾਮਸਰ ਸਾਹਿਬ ਤੋਂ ਬੱਸ ਸਟੈਂਡ ਦਰਮਿਆਨ ਅਤੇ ਗੁਰਦੁਆਰਾ ਰਾਮਸਰ ਸਾਹਿਬ ਤੋਂ ਲੰਮੀ ਗਲੀ ਦੇ ਗੇਟ ਤੱਕ ਦੁਕਾਨਦਾਰਾਂ ਨੂੰ ਅਪੀਲ ਕਰਦਿਆਂ ਉਨ੍ਹਾਂ ਆਖਿਆ ਕਿ ਉਹ ਕਿਸੇ ਵੀ ਰੇਹੜੀ ਫੜੀ ਵਾਲੇ ਤੋਂ ਕਰਾਇਆ ਵਸੂਲ ਕੇ ਦੁਕਾਨ ਅੱਗੇ ਰੇਹੜੀ ਫੜੀ ਖੜੀ ਨਾ ਕਰਨ | ਉਨ੍ਹਾਂ ਆਖਿਆ ਕਿ ਨੇੜ ਭਵਿੱਖ ਵਿਚ ਟਰੈਫ਼ਿਕ ਸੁਖਾਮੀ ਬਣਾਉਣ ਲਈ ਵਿਘਨ ਪਾਉਣ ਵਾਲਿਆਂ ਨੂੰ ਸਖ਼ਤੀ ਨਾਲ ਨਜਿੱਠਿਆ ਜਾਵੇਗਾ | ਉਨ੍ਹਾਂ ਦੱਸਿਆ ਕਿ ਉਹ ਛੇਤੀ ਹੀ ਵਪਾਰ ਮੰਡਲ ਦੇ ਆਗੂਆਂ ਅਤੇ ਨਗਰ ਕੌਂਸਲ ਦੇ ਆਗੂਆਂ ਨਾਲ ਸਾਂਝੀ ਮੀਟਿੰਗ ਕਰਨਗੇ ਤਾਂ ਕਿ ਰਸਤੇ ਵਿਚ ਰੇਹੜੀਆਂ ਲਗਾ ਕੇ ਟਰੈਫ਼ਿਕ ਵਿਚ ਅੜਿੱਕਾ ਬਣਨ ਵਾਲਿਆਂ ਨੂੰ ਇਕ ਵਾਰ ਅਗਾਂਹ ਕੀਤਾ ਜਾ ਸਕੇ | ਉਨ੍ਹਾਂ ਆਖਿਆ ਕਿ ਜਿਸ ਮੀਟਿੰਗ ਦੇ ਬਾਵਜੂਦ ਕਿਸੇ ਨੇ ਗੱਲ ਨੂੰ ਅਣਗੌਲਿਆ ਕੀਤਾ ਤਾਂ ਉਸ ਨੂੰ ਸਖ਼ਤੀ ਨਾਲ ਨਜਿੱਠਿਆ ਜਾਵੇਗਾ | ਨੇੜਲੇ ਪਿੰਡ ਦੇ ਪੰਚਾਂ-ਸਰਪੰਚਾਂ ਅਤੇ ਕਸਬਿਆਂ ਦੇ ਨੁਮਾਇੰਦਿਆਂ ਨੂੰ ਅਪੀਲ ਕਰਦਿਆਂ ਉਨ੍ਹਾਂ ਆਖਿਆ ਕਿ ਥਾਣਾ ਧਨੌਲਾ ਹਮੇਸ਼ਾ ਉਨ੍ਹਾਂ ਦੀ ਸੇਵਾ ਲਈ ਹਾਜ਼ਰ ਹੈ ਅਤੇ ਉਹ ਜਦ ਚਾਹੁਣ ਥਾਣੇ ਆ ਕੇ ਆਪਣਾ ਮਸਲਾ ਅਤੇ ਸੁਝਾਅ ਰੱਖ ਸਕਦੇ ਹਨ | ਬੁਲਟ ਮੋਟਰਸਾਈਕਲਾਂ ਦੇ ਸਲੈਂਸਰ ਮੋਡੀਫਾਈ ਕਰਵਾ ਕੇ ਵਰਤਣ ਵਾਲਿਆਂ ਨੂੰ ਸਖ਼ਤੀ ਨਾਲ ਤਾੜਨਾ ਕਰਦਿਆਂ ਉਨ੍ਹਾਂ ਆਖਿਆ ਕਿ ਉਹ ਆਮ ਸਲੈਂਸਰ ਲਗਵਾ ਕੇ ਸਫ਼ਰ ਕਰਨ ਜੇ ਕੋਈ ਟਾਖੇ ਪਾਉਣ ਵਾਲਾ ਸਲੈਂਸਰ ਲਗਵਾ ਕੇ ਚਲਦਾ ਪਾਇਆ ਗਿਆ ਤਾਂ ਉਸ ਦਾ ਮੋਟਰਸਾਈਕਲ ਵੀ ਜ਼ਬਤ ਕੀਤਾ ਜਾਵੇਗਾ ਅਤੇ ਸਖ਼ਤ ਕਾਰਵਾਈ ਵੀ ਕੀਤੀ ਜਾਵੇਗੀ |