ਬਰਨਾਲਾ, 16 ਜੂਨ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ)-ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਮੁਹੰਮਦ ਸਰਫ਼ਰਾਜ਼ ਆਲਮ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡਾਇਰੈਕਟਰ ਜਰਨਲ ਪੁਲਿਸ ਪੰਜਾਬ, ਚੰਡੀਗੜ੍ਹ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਪੁਲਿਸ ਵਲੋਂ ਵੱਖ-ਵੱਖ ਮੁਕੱਦਮਿਆਂ ਵਿਚ ਭਗੌੜੇ ਵਿਅਕਤੀਆਂ ਨੂੰ ਕਾਬੂ ਕਰਨ ਸਬੰਧੀ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਬਰਨਾਲਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਸ੍ਰੀ ਅਸ਼ੋਕ ਕੁਮਾਰ ਕਪਤਾਨ ਪੁਲਿਸ (ਇੰਨ.) ਬਰਨਾਲਾ, ਸ੍ਰੀ ਰਾਜਿੰਦਰਪਾਲ ਸਿੰਘ ਉਪ ਕਪਤਾਨ ਪੁਲਿਸ (ਇੰਨ.) ਬਰਨਾਲਾ ਦੀ ਅਗਵਾਈ ਹੇਠ ਇੰਸ: ਬਲਜੀਤ ਸਿੰਘ ਇੰਚਾਰਜ ਸੀ.ਆਈ.ਏ. ਬਰਨਾਲਾ ਦੀ ਟੀਮ ਵਲੋਂ ਇੱਕ ਪੁਰਾਣੇ ਕੇਸ ਵਿਚ ਖ਼ਤਰਨਾਕ ਭਗੌੜਾ ਗੈਂਗਸਟਰ ਪਰਵਿੰਦਰ ਸਿੰਘ ਉਰਫ਼ ਟਾਈਗਰ ਨੂੰ ਕਾਬੂ ਕੀਤਾ ਗਿਆ। ਜ਼ਿਕਰਯੋਗ ਹੈ ਕਿ 10 ਜੂਨ 2021 ਨੂੰ ਮੁਖ਼ਬਰ ਖ਼ਾਸ ਵਲੋਂ ਮਿਲੀ ਇਤਲਾਹ ਦੇ ਆਧਾਰ 'ਤੇ ਸੀ.ਆਈ.ਏ. ਸਟਾਫ਼ ਬਰਨਾਲਾ ਦੀ ਪੁਲਿਸ ਪਾਰਟੀ ਵਲੋਂ ਅੰਮ੍ਰਿਤਪਾਲ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਪੰਡੋਰੀ, ਇਕਬਾਲ ਸਿੰਘ ਉਰਫ਼ ਬੱਬੂ ਪੁੱਤਰ ਹਰਮੇਲ ਸਿੰਘ ਵਾਸੀ ਵਜੀਦਕੇ ਖ਼ੁਰਦ, ਵਿਜੈ ਉਰਫ਼ ਸੋਨੀ ਪੁੱਤਰ ਮਹਿੰਦਰ ਸਿੰਘ ਵਾਸੀ ਦੋਲੇਵਾਲ ਜ਼ਿਲ੍ਹਾ ਮੋਗਾ, ਚੰਦ ਸਿੰਘ ਉਰਫ਼ ਗੋਲੂ ਪੁੱਤਰ ਰਛਪਾਲ ਸਿੰਘ ਵਾਸੀ ਸ਼ੇਰਪੁਰ ਤਾਇਬਾ ਜ਼ਿਲ੍ਹਾ ਮੋਗਾ ਅਤੇ ਵਿਸ਼ੇਸ਼ ਕੁਮਾਰ ਉਰਫ਼ ਵਿਸ਼ੇਸ਼ ਪੁੱਤਰ ਕੇਸ਼ ਰਾਮ ਵਾਸੀ ਪੱਕੀ ਗਲੀ ਸ਼ੇਰਪੁਰ ਖ਼ਿਲਾਫ਼ ਥਾਣਾ ਮਹਿਲ ਕਲਾਂ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਸੀ ਅਤੇ ਇਨ੍ਹਾਂ ਨੂੰ ਵੱਖ-ਵੱਖ ਸਮੇਂ ਕਾਬੂ ਕਰ ਕੇ ਇਨ੍ਹਾਂ ਦੇ ਕਬਜ਼ੇ ਵਿਚੋਂ 850 ਗ੍ਰਾਮ ਨਸ਼ੀਲਾ ਚਿੱਟਾ ਪਾਊਡਰ, 825 ਨਸ਼ੀਲੀਆਂ ਗੋਲੀਆਂ ਅਤੇ 55 ਹਜ਼ਾਰ ਰੁਪਏ ਡਰੱਗ ਮਨੀ ਅਤੇ ਦੋ ਮੋਬਾਈਲ ਬਰਾਮਦ ਹੋਏ ਸਨ। ਤਫ਼ਤੀਸ਼ ਦੌਰਾਨ ਅਰਸ਼ਦੀਪ ਸਿੰਘ ਉਰਫ਼ ਅਰਸ਼ੀ ਪੁੱਤਰ ਜਗਸੀਰ ਸਿੰਘ ਵਾਸੀ ਬਖਤਗੜ੍ਹ, ਗੁਰਦੀਪ ਸਿੰਘ ਉਰਫ਼ ਮਾਨਾਂ ਪੁੱਤਰ ਅਵਤਾਰ ਸਿੰਘ ਵਾਸੀ ਮਹਿਲ ਕਲਾਂ ਅਤੇ ਰਾਜਨ ਸਿੰਘ ਉਰਫ਼ ਸੋਹਨ ਸਿੰਘ ਉਰਫ਼ ਜੋਰੂ ਪੁੱਤਰ ਸੁਖਦੇਵ ਸਿੰਘ ਵਾਸੀ ਦੋਲੇਵਾਲ ਹਾਲ ਕੋਟ ਈਸੇ ਖਾਂ ਨੂੰ ਵੱਖ-ਵੱਖ ਸਮੇਂ ਵੱਖ-ਵੱਖ ਜੇਲ੍ਹਾਂ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਉਕਤ ਮੁਕੱਦਮੇ ਵਿਚ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਐਸ.ਐਸ.ਪੀ. ਨੇ ਦੱਸਿਆ ਕਿ ਉਕਤ ਮੁਕੱਦਮੇ ਵਿਚ ਪਰਵਿੰਦਰ ਸਿੰਘ ਉਰਫ਼ ਟਾਈਗਰ ਪੁੱਤਰ ਭਗਵਾਨ ਸਿੰਘ ਵਾਸੀ ਪੱਤੀ ਸਹਿਜਰੇ ਕੀ ਚੋਹਲਾ ਸਾਹਿਬ ਜ਼ਿਲ੍ਹਾ ਤਰਨਤਾਰਨ ਹਾਲ ਕਿਰਾਏਦਾਰ ਹਾਊਸ ਨੰਬਰ 417 ਨੇੜੇ ਰਵੀਦਾਸ ਮੰਦਰ ਸੰਤ ਨਗਰ ਵੇਰਕਾ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਕਾਫ਼ੀ ਸਮੇਂ ਤੋਂ ਭਗੌੜਾ ਚਲਿਆ ਆ ਰਿਹਾ ਸੀ। ਮੁਕੱਦਮੇ ਦੀ ਤਫ਼ਤੀਸ਼ ਨੂੰ ਅੱਗੇ ਜਾਰੀ ਰੱਖਦੇ ਹੋਏ ਥਾਣੇਦਾਰ ਕੁਲਦੀਪ ਸਿੰਘ ਸੀ.ਆਈ.ਏ. ਸਟਾਫ਼ ਬਰਨਾਲਾ ਦੀ ਟੀਮ ਵਲੋਂ ਆਪਣੇ ਸੋਰਸ ਕਾਇਮ ਕਰਦੇ ਹੋਏ ਪਰਮਿੰਦਰ ਸਿੰਘ ਉਰਫ਼ ਟਾਈਗਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਰਵਿੰਦਰ ਸਿੰਘ ਉਰਫ਼ ਟਾਈਗਰ ਉੱਪਰ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿਚ ਲੁੱਟਾਂ ਖੋਹਾਂ, ਇਰਾਦਾ ਕਤਲ, ਕਤਲ, ਲੜਾਈ ਝਗੜਾ ਆਦਿ ਦੇ 15 ਤੋਂ ਜ਼ਿਆਦਾ ਮੁਕੱਦਮੇ ਦਰਜ ਹਨ। ਇਸ ਨੇ ਪੁੱਛਗਿੱਛ ਦੌਰਾਨ ਇਹ ਵੀ ਦੱਸਿਆ ਕਿ ਉਹ ਸਾਲ 2021 ਤੋਂ ਰੂਪੋਸ਼ ਹੋ ਗਿਆ ਸੀ ਅਤੇ ਉਸ ਨੇ ਰਾਜਸਥਾਨ ਅਤੇ ਹਰਿਆਣਾ ਸੂਬਿਆਂ ਵਿਚ ਵੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ।
ਬਰਨਾਲਾ ਪੁਲਿਸ ਨੇ ਭਗੌੜੇ ਗੈਂਗਸਟਰ ਪਰਵਿੰਦਰ ਸਿੰਘ ਉਰਫ਼ ਟਾਈਗਰ ਨੂੰ ਕੀਤਾ ਕਾਬੂ
ਅਜੀਤ ਡੈਸਕ
17-06-2025