ਹੰਡਿਆਇਆ, 17 ਜੂਨ (ਗੁਰਜੀਤ ਸਿੰਘ ਖੁੱਡੀ)-ਕਸਬਾ ਹੰਡਿਆਇਆ ਅੰਦਰ ਸਵੇਰ ਸਮੇਂ ਹੋਈ ਬਰਸਾਤ ਨਾਲ ਛੱਪੜ ਦਾ ਪਾਣੀ ਓਵਰਫ਼ਲੋ ਹੋ ਕੇ ਘਰਾਂ ਅੰਦਰ ਪੁੱਜਣ ਕਰਕੇ ਨਗਰ ਪੰਚਾਇਤ ਹੰਡਿਆਇਆ ਖ਼ਿਲਾਫ਼ ਵਾਰਡ ਨੰ: 5 ਦੇ ਵਾਸੀਆਂ ਨੇ ਨਾਅਰੇਬਾਜ਼ੀ ਕੀਤੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਹੰਡਿਆਇਆ ਦੇ ਸ਼ੋ੍ਰਮਣੀ ਅਕਾਲੀ ਦਲ ਐਸ.ਸੀ. ਵਿੰਗ ਦੇ ਸਾਬਕਾ ਸਰਕਲ ਪ੍ਰਧਾਨ ਨਾਜ਼ਰ ਸਿੰਘ, ਪ੍ਰਕਾਸ਼ ਸਿੰਘ, ਦੇਵ ਸਿੰਘ, ਗੁਰਮੇਲ ਸਿੰਘ ਨੇ ਦੱਸਿਆ ਕਿ ਮੀਂਹ ਕਾਰਨ ਛੱਪੜ ਦਾ ਗੰਦਾ ਪਾਣੀ ਓਵਰਫ਼ਲੋ ਹੋ ਕੇ ਸਾਡੇ ਘਰਾਂ ਅੰਦਰ ਪੁੱਜ ਗਿਆ, ਜਿਸ ਕਰਕੇ ਸਾਨੂੰ ਲੰਘਣਾ ਮੁਸ਼ਕਿਲ ਹੋ ਗਿਆ ਹੈ | ਇਹ ਰਸਤਾ ਗੁਰਦੁਆਰਾ ਸਾਹਿਬ ਭਗਤ ਰਵਿਦਾਸ ਹੰਡਿਆਇਆ ਅਤੇ ਗੁਰਦੁਆਰਾ ਅੜੀਸਰ ਸਾਹਿਬ ਪਿੰਡ ਕੋਠੇ ਚੂੰਘਾ ਨੂੰ ਜਾਂਦਾ ਹੈ ਜਿਸ ਕਰਕੇ ਗੁਰੂਘਰ ਜਾਣ ਵਾਲੀਆਂ ਸੰਗਤਾਂ ਲਈ ਆਉਣਾ ਜਾਣਾ ਬਹੁਤ ਮੁਸ਼ਕਲ ਹੈ | ਉਨ੍ਹਾਂ ਕਿਹਾ ਕਿ ਪਹਿਲੇ ਮੀਂਹ ਨਾਲ ਛੱਪੜ ਦਾ ਪਾਣੀ ਓਵਰਫ਼ਲੋ ਹੋ ਗਿਆ ਹੈ | ਜਿਸ ਕਾਰਨ ਅੱਗੇ ਬਰਸਾਤ ਦੇ ਮੌਸਮ ਵਿਚ ਸਾਨੂੰ ਹੋਰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ | ਉਨ੍ਹਾਂ ਨਗਰ ਪੰਚਾਇਤ ਹੰਡਿਆਇਆ ਦੇ ਪ੍ਰਧਾਨ ਅਤੇ ਕਾਰਜ ਸਾਧਕ ਅਫ਼ਸਰ ਪਾਸੋਂ ਮੰਗ ਕੀਤੀ ਕਿ ਛੱਪੜ ਵਿਚੋਂ ਗੰਦੇ ਪਾਣੀ ਦੀ ਨਿਕਾਸੀ ਕਰਵਾਉਣ ਲਈ ਪ੍ਰਬੰਧ ਕੀਤੇ ਜਾਣ | ਇਸ ਮੌਕੇ ਚਰਨਜੀਤ ਸਿੰਘ ਸਰਾਂ, ਮੁਖ਼ਤਿਆਰ ਸਿੰਘ, ਬਲਜਿੰਦਰ ਕੌਰ, ਪਰਮਜੀਤ ਕੌਰ, ਮਲਕੀਤ ਕੌਰ, ਗੁਰਮੇਲ ਕੌਰ, ਕਰਮਜੀਤ ਕੌਰ, ਗਣੇਸ਼ ਰਾਖੀ, ਕਸਬਾ ਵਾਸੀ ਹਾਜ਼ਰ ਸਨ |