ਤਪਾ ਮੰਡੀ, 17 ਜੂਨ (ਵਿਜੇ ਸ਼ਰਮਾ)-ਤਪਾ ਖੇਤਰ ਅੰਦਰ ਬੀਤੀ ਰਾਤ ਹੋਈ ਤੇਜ਼ ਬਰਸਾਤ ਕਾਰਨ ਜਿੱਥੇ ਮੌਸਮ ਠੰਢਾ ਹੋ ਗਿਆ ਉੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਕਿਉਂਕਿ ਤੇਜ਼ ਮੀਂਹ ਦੇ ਪੈਣ ਕਾਰਨ ਕਿਸਾਨਾਂ ਦੇ ਚਿਹਰਿਆਂ 'ਤੇ ਰੌਣਕ ਵੇਖਣ ਨੂੰ ਮਿਲ ਰਹੀ ਹੈ ਕਿਉਂਕਿ ਝੋਨੇ ਦੀ ਲਵਾਈ ਦਾ ਕੰਮ ਪੂਰੇ ਜ਼ੋਰਾਂ 'ਤੇ ਚੱਲ ਰਿਹਾ ਹੈ ਇਸ ਮੀਂਹ ਕਾਰਨ ਝੋਨੇ ਵਾਲੇ ਖੇਤਾਂ ਨੂੰ ਪਾਣੀ ਦੀ ਘਾਟ ਪੂਰੀ ਹੋ ਜਾਵੇਗੀ | ਦੂਸਰਾ ਤੇਜ਼ ਬਰਸਾਤ ਕਾਰਨ ਤਪਾ ਸ਼ਹਿਰ ਦੀਆਂ ਗਲੀਆਂ ਬਾਜ਼ਾਰ ਅਤੇ ਬਸਤੀਆਂ ਵਿਚ ਨੱਕੋ ਨੱਕ ਪਾਣੀ ਭਰ ਚੁੱਕਿਆ ਹੈ ਇੱਥੋਂ ਤੱਕ ਕਿ ਇਲਾਕੇ ਦੇ ਇਤਿਹਾਸਕ ਅਸਥਾਨ ਬਾਬਾ ਮੱਠ ਦੀ ਚਾਰ ਦੀਵਾਰੀ ਨਾਲ ਮੀਂਹ ਦੇ ਪਾਣੀ ਨੇ ਝੀਲ ਦਾ ਰੂਪ ਧਾਰਨ ਕਰ ਲਿਆ ਹੈ | ਜਿਸ ਕਾਰਨ ਸੰਗਤਾਂ ਨੂੰ ਬਾਬਾ ਮੱਠ ਆਉਣ ਜਾਣ ਵਿਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਤੇਜ਼ ਬਰਸਾਤ ਦੇ ਚੱਲਦਿਆਂ ਮਾਡਲ ਟਾਊਨ, ਘੁੰਨਸ ਰੋਡ, ਅਨਾਜ ਮੰਡੀ ਵਾਲਾ ਬਾਜ਼ਾਰ, ਬਾਜ਼ੀਗਰ ਬਸਤੀ, ਪਿਆਰਾ ਲਾਲ ਬਸਤੀ, ਅਨੰਦਪੁਰ ਬਸਤੀ ਤੋਂ ਇਲਾਵਾ ਕਈ ਇਲਾਕਿਆਂ ਵਿਚ ਪਾਣੀ ਖੜ ਗਿਆ ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸਬੰਧੀ ਸ਼ਹਿਰ ਦੇ ਕੁੱਝ ਲੋਕਾਂ ਦਾ ਕਹਿਣਾ ਹੈ ਕਿ ਥੋੜ੍ਹੀ ਜਿਹੀ ਬਰਸਾਤ ਹੋਣ ਦੇ ਨਾਲ ਤਪਾ ਸ਼ਹਿਰ ਦੇ ਬਾਜ਼ਾਰ ਗਲੀਆਂ ਪਾਣੀ ਨਾਲ ਨੱਕੋ-ਨੱਕ ਭਰ ਜਾਂਦੇ ਹਨ ਜਿਸ ਕਰਕੇ ਲੋਕਾਂ ਨੂੰ ਮੁਸ਼ਕਲਾਂ ਪੇਸ਼ ਆਉਂਦੀਆਂ ਹਨ | ਇਸ ਸਬੰਧੀ ਜਦੋਂ ਕਿਸਾਨ ਜਗਸੀਰ ਸਿੰਘ ਭੁੱਲਰ, ਜਗਤਾਰ ਸਿੰਘ ਬਾਸੀ, ਪਰਮਜੀਤ ਸਿੰਘ ਪੰਮਾ, ਬਲਤੇਜ ਸਿੰਘ ਬੋਘਾ, ਜੱਸਾ ਜ਼ੈਲਦਾਰ ਆਦਿ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਝੋਨੇ ਦੀ ਫ਼ਸਲ ਦੀ ਲਵਾਈ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਤੇਜ਼ ਬਰਸਾਤ ਕਾਰਨ ਪ੍ਰਵਾਸੀ ਮਜ਼ਦੂਰਾਂ ਨੂੰ ਝੋਨਾ ਲਾਉਣ ਵਿਚ ਰਾਹਤ ਮਿਲੀ ਹੈ ਅਤੇ ਝੋਨੇ ਲਾਉਣ ਲਈ ਪਾਣੀ ਦੀ ਜ਼ਰੂਰਤ ਦੀ ਕਮੀ ਪੂਰੀ ਹੋ ਗਈ ਹੈ |