ਤਪਾ ਮੰਡੀ, 17 ਜੂਨ (ਪ੍ਰਵੀਨ ਗਰਗ)-ਸ਼ਹਿਰ ਦੀ ਸੰਘਣੀ ਆਬਾਦੀ ਵਿਚੋਂ ਐੱਚ.ਪੀ. ਗੈਸ ਦੇ ਭਰੇ ਕੈਂਟਰਾਂ ਦਾ ਲੰਘਣਾ ਨਿਰਵਿਘਨ ਜਾਰੀ ਹੈ, ਜਿਨ੍ਹਾਂ ਕਾਰਨ ਕਿਸੇ ਵੀ ਸਮੇਂ ਵੱਡਾ ਹਾਦਸਾ ਵਾਪਰ ਸਕਦਾ ਹੈ, ਜਦ ਕਿ ਸਬੰਧਿਤ ਅਧਿਕਾਰੀ ਵੱਲ ਕੋਈ ਧਿਆਨ ਨਹੀਂ ਦੇ ਰਹੇ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨਦਾਰਾਂ ਨੇ ਦੱਸਿਆ ਕਿ ਜਿੱਥੇ ਇੱਕ ਪਾਸੇ ਇਨ੍ਹਾਂ ਕੈਂਟਰਾਂ ਕਾਰਨ ਹਰ ਸਮੇਂ ਜਾਮ ਲੱਗਿਆ ਰਹਿੰਦਾ ਹੈ ਉੱਥੇ ਦੂਜੇ ਪਾਸੇ ਤਪਾ ਇਲਾਕੇ ਦੇ ਲੋਕ ਮੌਤ ਦੇ ਸਾਏ ਹੇਠ ਜ਼ਿੰਦਗੀ ਬਤੀਤ ਕਰਦੇ ਹਨ, ਕਿਉਂਕਿ ਇਨ੍ਹਾਂ ਕੈਂਟਰਾਂ ਦੇ ਪਿਛਲੇ ਪਾਸੇ ਲੱਗੀ ਵੱਡੀ ਟੈਂਕੀ ਜੋ ਕੇ ਐੱਚ.ਪੀ. ਗੈਸ ਨਾਲ ਭਰੀ ਹੁੰਦੀ ਹੈ, ਕਾਰਨ ਹਰ ਸਮੇਂ ਵੱਡਾ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ | ਉਨ੍ਹਾਂ ਦੱਸਿਆ ਕਿ ਇਹ ਕੈਂਟਰ ਸ਼ਹਿਰ ਦੇ ਬਾਹਰੀ ਰਸਤਿਆਂ ਤੋਂ ਜਾਣ ਦੀ ਬਜਾਏ ਸ਼ਹਿਰ ਅੰਦਰੋਂ ਹੀ ਗੁਜ਼ਰਦੇ ਹਨ, ਪ੍ਰੰਤੂ ਲੋਕਾਂ ਦੀ ਜ਼ਿੰਦਗੀ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ | ਉਨ੍ਹਾਂ ਆਖਿਆ ਕਿ ਰੋਜ਼ਾਨਾ ਹੀ ਗੈਸ ਨਾਲ ਵਾਪਰਨ ਵਾਲੀਆਂ ਘਟਨਾਵਾਂ ਦੇਖੀਆਂ ਜਾ ਰਹੀਆਂ ਹਨ, ਭਾਵੇਂ ਉਹ ਕੋਈ ਵੀ ਗੈਸ ਹੋਵੇ ਪ੍ਰੰਤੂ ਫਿਰ ਵੀ ਸਬੰਧਿਤ ਅਧਿਕਾਰੀ ਇਸ ਵੱਲ ਕੋਈ ਧਿਆਨ ਨਹੀਂ ਹੈ | ਦੱਸ ਦਈਏ ਕਿ ਭਾਵੇਂ ਤਪਾ ਪੁਲਿਸ ਵਲੋਂ ਇਨ੍ਹਾਂ ਕੈਂਟਰਾਂ ਨੂੰ ਰੋਕ ਕੇ ਕਈ ਵਾਰ ਚਲਾਨ ਵੀ ਕੀਤੇ ਗਏ ਹਨ, ਪ੍ਰੰਤੂ ਫਿਰ ਵੀ ਇਹ ਕੈਂਟਰ ਪੁਲਿਸ ਦੇ ਬਿਨਾਂ ਕਿਸੇ ਡਰ ਤੋਂ ਸ਼ਹਿਰ ਦੀ ਸੰਘਣੀ ਆਬਾਦੀ 'ਚੋਂ ਨਿਰਵਿਘਨ ਗੁਜ਼ਰ ਰਹੇ ਹਨ | ਇਸ ਮੌਕੇ ਉਨ੍ਹਾਂ ਸੂਬਾ ਸਰਕਾਰ ਸੰਬੰਧਿਤ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕਰਦਿਆਂ ਕਿਹਾ ਕਿ ਇਨ੍ਹਾਂ ਗੈਸ ਦੇ ਭਰੇ ਹੋਏ ਕੈਂਟਰਾਂ 'ਤੇ ਸ਼ਹਿਰ ਅੰਦਰੋਂ ਗੁਜ਼ਰਨ ਉੱਪਰ ਪਾਬੰਦੀ ਲਾ ਕੇ ਬਾਹਰੀ ਰਸਤਿਆਂ ਰਾਹੀਂ ਲੰਘਾਇਆ ਜਾਵੇ ਤਾਂ ਜੋ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ |