ਸ਼ੇਰਪੁਰ, 18 ਜੂਨ (ਦਰਸ਼ਨ ਸਿੰਘ ਖੇੜੀ)-ਉੱਘੇ ਸਮਾਜ ਸੇਵੀ, ਧਾਰਮਿਕ ਸ਼ਖ਼ਸੀਅਤ ਅਤੇ ਪਿੰਡ ਕਲੇਰਾਂ ਦੇ ਸਰਪੰਚ ਸੰਤ ਬਾਬਾ ਜਗਜੀਤ ਸਿੰਘ ਭੋਰਾ ਸਾਹਿਬ ਕਲੇਰਾਂ ਵਾਲਿਆਂ ਨੇ ਗਰੀਬਾਂ, ਲੋੜਵੰਦਾਂ ਅਤੇ ਆਰਥਿਕ ਤੌਰ ਤੇ ਨਿਤਾਣੇ ਪਰਿਵਾਰਾਂ ਲਈ ਬਹੁਤ ਵੱਡੀ ਰਾਹਤ ਦੇਣ ਦਾ ਐਲਾਨ ਕੀਤਾ ਹੈ | ਬਾਬਾ ਕਲੇਰਾਂ ਨੇ ਅਜੀਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਬੇਘਰੇ ਲੋੜਵੰਦ ਗ਼ਰੀਬ ਪਰਿਵਾਰਾਂ ਨੂੰ ਮਕਾਨ ਬਣਾਉਣ ਲਈ 20000/- ਰੁਪਏ ਸਹਾਇਤਾ ਵਜੋਂ ਦੇਣਗੇ | ਇਸੇ ਤਰ੍ਹਾਂ ਗ਼ਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਸਮੇਂ 15000/-ਨਕਦ ਸ਼ਗਨ ਵਜੋਂ ਸਹਾਇਤਾ ਕਰਨਗੇ | ਉਨ੍ਹਾਂ ਕਿਹਾ ਕਿ ਜੋ ਪਿੰਡ ਦੇ ਨੌਜਵਾਨ ਨਸ਼ਿਆਂ ਵਿਚ ਗ਼ਲਤਾਨ ਹਨ ਜੇਕਰ ਉਹ ਨਸ਼ਿਆਂ ਤੋਂ ਛੁਟਕਾਰਾ ਪਾਉਣ ਲਈ ਵਾਅਦਾ ਕਰਨਗੇ ਤਾਂ ਉਨ੍ਹਾਂ ਨੂੰ ਇੱਕ ਸਾਲ ਲਈ ਵਧੀਆ ਖ਼ੁਰਾਕ ਮੁਹੱਈਆ ਕਰਾਉਣਗੇ | ਸੰਤ ਕਲੇਰਾਂ ਨੇ ਅੱਗੇ ਕਿਹਾ ਕਿ ਇਸ ਸਕੀਮ ਨੂੰ ਤੁਰੰਤ ਲਾਗੂ ਕਰ ਦਿੱਤਾ ਗਿਆ ਹੈ ਅਤੇ ਪਿੰਡ ਪੱਧਰ ਤੋਂ ਬਾਅਦ ਇਸ ਸਕੀਮ ਨੂੰ ਹਲਕਾ ਪੱਧਰੀ ਮੁਹਿੰਮ ਬਣਾਇਆ ਜਾਵੇਗਾ | ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸੰਤ ਕਲੇਰਾਂ ਲੰਮੇ ਸਮੇਂ ਤੋਂ ਗ਼ਰੀਬ ਲੋਕਾਂ ਲਈ ਮੁਫ਼ਤ ਦਵਾਈਆਂ ਰਾਹੀਂ ਇਲਾਜ ਕਰਵਾ ਰਹੇ ਹਨ ਅਤੇ ਹੋਰ ਸਮਾਜਿਕ ਸੇਵਾਵਾਂ ਵਿਚ ਵੱਡਾ ਯੋਗਦਾਨ ਪਾ ਰਹੇ ਹਨ |